ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਕੇਤਕ ਧਰਨੇ ਉਪਰੰਤ ਮੁੱਖ ਚੋਣ ਅਫ਼ਸਰ ਦਾ ਫੂਕਿਆ ਪੁਤਲਾ
ਐਸ. ਆਈ. ਆਰ. ਫੌਰੀ ਰੋਕ ਕੇ ਆਮ ਵੋਟ ਸੂਚੀਆਂ ਦੀ ਸੁਧਾਈ ਤੇ ਨਵੀਆਂ ਵੋਟਾਂ ਕਿਸੇ ਭੇਦ ਭਾਵ ਤੋਂ ਬਿਨਾਂ ਬਣਾਉਣ ਦੀ ਕੀਤੀ ਮੰਗ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲ਼ਾ 23 ਅਕਤੂਬਰ 2026:- ਸੰਯੁਕਤ ਕਿਸਾਨ ਮੋਰਚੇ ਵੱਲੋਂ ਡੀ.ਸੀ. ਦਫ਼ਤਰ ਅੱਗੇ ਧਰਨਾ ਦੇਣ ਉਪਰੰਤ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਦਾ ਪੁਤਲਾ ਫੂਕ ਕੇ ਤਹਿਸੀਲ ਪੱਧਰ ਦਾ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ । ਮੋਰਚੇ ਦੇ ਸਮੂਹ ਬੁਲਾਰਿਆਂ ਵੱਲੋਂ ਐਸ਼. ਆਈ. ਆਰ. ਦੇ ਖਿਲਾਫ ਸਖ਼ਤ ਰੋਸ ਜ਼ਾਹਰ ਕਰਦੇ ਹੋਏ , ਇਸ ਪ੍ਰਕਿਰਿਆ ਨੂੰ ਤੁਰੰਤ ਰੋਕ ਕੇ , ਬਿਨਾਂ ਕਿਸੇ ਸ਼ਰਤ ਤੋਂ ਹਰ ਸ਼ਹਿਰੀ ਬਾਲਗ ਨੂੰ ਵੋਟ ਬਣਾਉਣ ਦਾ ਅਧਿਕਾਰ ਬਹਾਲ ਕਰਨ ਦੀ ਮੰਗ ਕੀਤੀ । ਕਿਸਾਨ ਆਗੂਆਂ ਨੇ ਖ਼ਦਸ਼ਾ ਜਾਹਿਰ ਕੀਤਾ ਕਿ ਫਾਰਮ ਨੰਃ 6 ਤੇ 7 ਤਹਿਤ ਚੋਣਵੇਂ ਫਿਰਕੇ ਤੇ ਘੱਟ ਗਿਣਤੀਆਂ ਦੇ ਵੋਟਰਾਂ ਨੂੰ ਗੈਰਕਾਨੂੰਨ ਤੌਰ ਤੇ ਦੇਸ਼ ਦੇ ਸ਼ਹਿਰੀ ਹੋਣ ਤੋਂ ਰੋਕਿਆ ਜਾ ਰਿਹਾ ਹੈ । ਜੋ ਕਿ ਗੈਰਸੰਵਿਧਾਨਕ , ਦੇਸ ਵਿਰੋਧੀ ਤੇ ਮਾਨਵਤਾ ਵਿਰੋਧੀ ਵਰਤਾਰਾ ਹੈ । ਇਸ ਨੀਤੀ ਤਹਿਤ ਜਿੰਨਾਂ ਵੋਟਰਾਂ ਦੀ ਵੋਟ ਨਹੀਂ ਬਣੇਗੀ ਜਾਂ ਕੱਟੀ ਜਾਵੇਗੀ , ਉੱਨਾਂ ਦੀ ਨਾਗਰਿਕਤਾ ਖਤਮ ਕਰਕੇ , ਉੱਨਾਂ ਦੇ ਮੁਢਲੇ ਅਧਿਕਾਰ ਖਤਮ ਕਰ ਦਿੱਤੇ ਜਾਣਗੇ । ਉੱਨਾਂ ਨੂੰ ਦੇਸ਼ ਦੇ ਸ਼ਹਿਰੀਆਂ ਵਾਲੀਆਂ ਸਹੂਲਤਾਂ ਤੋਂ ਬਾਂਝੇ ਕਰਨ ਦੇ ਨਾਲ ਨਾਲ
ਉੱਨਾਂ ਦੀ ਜਾਇਦਾਦ ਤੇ ਮਾਲ ਅਸਬਾਬ ਵੀ ਜ਼ਬਤ ਕਰ ਲਏ ਜਾਣ ਦਾ ਡਰ ਹੋਵੇਗਾ । ਇੱਥੋਂ ਤੱਕ ਕਿ ਉਹ ਆਪਣੀ ਜੱਦੀ ਜਾਇਦਾਦ ਦੇ ਹੱਕ ਵੀ ਗਵਾ ਲੈਣਗੇ । ਆਗੂਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸੋਲਾਂ ਰਾਜਾਂ ਤੇ ਤਿੰਨ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀਆਂ ਤੇਰਾਂ ਕਰੋੜ ਤੋਂ ਵੱਧ ਵੋਟਾਂ ਕੱਟੀਆਂ ਜਾ ਚੁੱਕੀਆਂ ਹਨ । ਪੰਜਾਬ ਵਿੱਚ ਵੀ ਵੀਹ ਲੱਖ ਦੇ ਕਰੀਬ ਵੋਟਰਾਂ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਬੁਲਾਰਿਆਂ ਵੱਲੋਂ ਪੰਜਾਬ ਵਿੱਚ ਐਸ਼.ਆਈ. ਆਰ. ਨੂੰ ਰੋਕ ਕੇ ਸ਼ੁਰੂ ਕੀਤੀ ਜਾ ਰਹੀ ਐਸ.ਐਸ.ਆਰ. ਨੂੰ ਪਿਛਲੀਆਂ ਆਮ ਵੋਟਰ ਸੂਚੀਆਂ ਦੇ ਆਧਾਰ ਤੇ ਸੋਧੇ ਜਾਣ ਦੀ ਮੰਗ ਸਹਿਤ ਸਾਰੇ ਯੋਗ ਬਾਲਗਾਂ ਦੀ ਵੋਟ ਕਿਸੇ ਵੀ ਭੇਦ ਭਾਵ ਤੋਂ ਬਿਨਾਂ ਬਣਾਏ ਜਾਣ ਦੀ ਮੰਗ ਤੇ ਜ਼ੋਰ ਦਿੱਤਾ । ਚੱਲਦੇ ਧਰਨੇ ਦਰਮਿਆਨ ਕੌਮੀ ਪੱਧਰ ਤੇ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਦੇ ਨਾਮ ਦਾ ਮੰਗ ਪੱਤਰ ਤਹਿਸੀਲਦਾਰ ਵੱਲੋਂ ਪ੍ਰਾਪਤ ਕਰਕੇ ਅਗਲੇਰੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ।
ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਦਿੱਤੂਪੁਰ , ਦਵਿੰਦਰ ਸਿੰਘ ਪੂਨੀਆ, ਦਰਸ਼ਨ ਬੇਲੂਮਾਜਰਾ , ਅਵਤਾਰ ਸਿੰਘ ਕੌਰਜੀਵਾਲਾ, ਦਲਜਿੰਦਰ ਸਿੰਘ , ਜੋਰਾ ਸਿੰਘ ਬਲਬੇੜਾ, ਕਰਮ ਸਿੰਘ , ਸੁਖਵਿੰਦਰ ਸਿੰਘ , ਧੰਨਾ ਸਿੰਘ ਦੌਣ ਕਲਾਂ, ਇਸ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਵੱਲੋਂ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਵਿੱਤ ਸਕੱਤਰ ਤਰਸੇਮ ਲਾਲ , ਪੰਜਾਬ ਸਟੂਡੈਂਟਸ ਯੂਨੀਅਨ ਦੇ ਬਖਿਸ਼ਤ ਅਤੇ ਕਰੋਨਾ ਯੂਨੀਅਨ ਦੇ ਸੰਜੀਵ ਕੁਮਾਰ ਨੇ ਸੰਬੋਧਿਤ ਕੀਤਾ । ਸਟੇਜ ਸਕੱਤਰ ਦੀ ਜਿੰਮੇਵਾਰੀ ਬਲਜੀਤ ਸਿੰਘ ਪੰਜੋਲਾ ਵੱਲੋਂ ਨਿਭਾਈ ਗਈ । ਅੰਤ ਵਿੱਚ ਲਾਈਟਾਂ ਵਾਲੇ ਚੌਕ ਵਿੱਚ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਦੇ ਪੁਤਲੇ ਨੂੰ ਫੂਕਿਆ ਗਿਆ ।
- Download Babushahi App
-
-