ਦੋ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ, ਕਈ ਜ਼ਖ਼ਮੀ
ਸੁਲਤਾਨਪੁਰ ਲੋਧੀ-ਡੱਲਾ ਰੋਡ ’ਤੇ ਓਵਰਟੇਕ ਕਰਦੇ ਸਮੇਂ ਵਾਪਰਿਆ ਹਾਦਸਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 2 ਅਕਤੂਬਰ 2026- ਸੁਲਤਾਨਪੁਰ ਲੋਧੀ-ਡੱਲਾ ਰੋਡ ’ਤੇ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰਿਆ ਜਦੋਂ ਐਕਸਯੂਵੀ ਅਤੇ ਨੋਵਾ ਗੱਡੀ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਗੱਡੀਆਂ ਵਿੱਚ ਸਵਾਰ ਵਿਅਕਤੀ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਮਰਜੀਤਪੁਰ ਵਾਸੀ ਬਖਸ਼ੀਸ਼ ਸਿੰਘ ਪੁੱਤਰ ਪ੍ਰੇਮ ਸਿੰਘ ਆਪਣੇ ਨਿੱਜੀ ਕੰਮ ਸਬੰਧੀ ਸੁਲਤਾਨਪੁਰ ਲੋਧੀ ਤੋਂ ਆਪਣੇ ਪਿੰਡ ਅਮਰਜੀਤਪੁਰ ਵੱਲ ਪੀਬੀ-91-ਪੀ-6302 ਨੰਬਰ ਦੀ ਐਕਸਯੂਵੀ ਗੱਡੀ ਵਿੱਚ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਪੀਬੀ-08-ਏਜ਼ੈੱਡ-3017 ਨੰਬਰ ਦੀ ਨੋਵਾ ਗੱਡੀ ਨਾਲ ਉਨ੍ਹਾਂ ਦੀ ਗੱਡੀ ਦੀ ਟੱਕਰ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਨੋਵਾ ਗੱਡੀ ਪਿੰਡ ਬੁਰਜ ਮੁਹੰਮਦ ਸ਼ਾਹ, ਜ਼ਿਲ੍ਹਾ ਫਿਰੋਜ਼ਪੁਰ ਵਾਸੀ ਸੁਬੇਗ ਸਿੰਘ ਚਲਾ ਰਹੇ ਸਨ। ਉਨ੍ਹਾਂ ਦੇ ਨਾਲ ਸੇਵਾ ਸਿੰਘ ਸਮੇਤ ਹੋਰ ਵਿਅਕਤੀ ਸਵਾਰ ਸਨ। ਮੁੱਢਲੀ ਜਾਣਕਾਰੀ ਅਨੁਸਾਰ ਨੋਵਾ ਗੱਡੀ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰ ਰਹੀ ਸੀ, ਜਿਸ ਦੌਰਾਨ ਇਹ ਸਾਹਮਣੇ ਤੋਂ ਆ ਰਹੀ ਐਕਸਯੂਵੀ ਨਾਲ ਟਕਰਾ ਗਈ।
ਹਾਦਸੇ ਤੋਂ ਬਾਅਦ ਸੜਕ ’ਤੇ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ। ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ।
ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਹਾਦਸੇ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਹਾਦਸਾ ਤੇਜ਼ ਰਫ਼ਤਾਰ, ਓਵਰਟੇਕਿੰਗ ਜਾਂ ਗਲਤ ਸਾਈਡ ਤੋਂ ਆਉਣ ਕਾਰਨ ਵਾਪਰਿਆ, ਇਸ ਸਬੰਧੀ ਅੰਤਿਮ ਸਥਿਤੀ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
- Download Babushahi App
-
-