ਸਰਕਾਰੀ ਹਾਈ ਸਕੂਲ ’ਚ ਚੋਰੀ: ਪਾਇਲ ਪੁਲੀਸ ਵੱਲੋਂ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ, 3 ਗ੍ਰਿਫ਼ਤਾਰ
ਰਵਿੰਦਰ ਸਿੰਘ ਢਿੱਲੋਂ, ਖੰਨਾ/ਪਾਇਲ: ਥਾਣਾ ਪਾਇਲ ਪੁਲੀਸ ਨੇ ਸਰਕਾਰੀ ਹਾਈ ਸਕੂਲ ਅਲੂਣਾ ਪੱਲਾ ਵਿੱਚ ਹੋਈ ਚੋਰੀ ਦੇ ਮਾਮਲੇ ਨੂੰ ਟਰੇਸ ਕਰਦਿਆਂ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਚੌਥਾ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਥਾਣਾ ਪਾਇਲ ਦੇ ਮੁੱਖ ਅਫ਼ਸਰ ਹਰਦੀਪ ਸਿੰਘ ਨੇ ਦੱਸਿਆ ਕਿ ਸਕੂਲ ਦੇ ਮੁੱਖ ਅਧਿਆਪਕ ਗੁਰਵਿੰਦਰ ਸਿੰਘ ਅਨੁਸਾਰ 26 ਸਤੰਬਰ ਨੂੰ ਛੁੱਟੀ ਹੋਣ ਮੌਕੇ ਸਕੂਲ ਦੇ ਕਮਰਿਆਂ ਨੂੰ ਜਿੰਦਰੇ ਲਗਾ ਕੇ ਚਾਬੀਆਂ ਦਫ਼ਤਰ ਵਿੱਚ ਰੱਖ ਦਿੱਤੀਆਂ ਗਈਆਂ ਸਨ। 28 ਸਤੰਬਰ ਦੀ ਸਵੇਰ ਸਵੀਪਰ ਨੇ ਸਕੂਲ ਵਿੱਚ ਚੋਰੀ ਹੋਣ ਦੀ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚ ਕੇ ਪਤਾ ਲੱਗਾ ਕਿ ਦਫ਼ਤਰ ਦਾ ਰੋਸ਼ਨਦਾਨ ਅਤੇ ਮਿਡ-ਡੇ ਮੀਲ ਵਾਲੇ ਕਮਰੇ ਦਾ ਗੇਟ ਤੋੜਿਆ ਗਿਆ ਸੀ।
ਜਾਂਚ ਦੌਰਾਨ ਸਕੂਲ ਵਿੱਚੋਂ ਕਰੀਬ ਇੱਕ ਕੁਇੰਟਲ ਚਾਵਲ, ਦਾਲਾਂ, ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਅਤੇ ਦੋ ਨਵੇਂ ਕੈਮਰੇ ਚੋਰੀ ਹੋਣ ਦੀ ਪੁਸ਼ਟੀ ਹੋਈ। ਪੁਲੀਸ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਾਜਵਿੰਦਰ ਸਿੰਘ, ਪ੍ਰਦੀਪ ਸਿੰਘ, ਸਿਮਰਨਜੀਤ ਸਿੰਘ ਅਤੇ ਅਮਨਦੀਪ ਸਿੰਘ ਉਰਫ਼ ਬਾਦਲ ਦੀ ਪਛਾਣ ਕੀਤੀ। ਤਿੰਨ ਮੁਲਜ਼ਮਾਂ ਕੋਲੋਂ ਦੋ ਨਵੇਂ ਕੈਮਰੇ ਬਰਾਮਦ ਹੋਏ ਹਨ। ਪੁਲੀਸ ਨੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਵਿੱਚੋਂ ਦੋ ਸਰਕਾਰੀ ਮੁਲਾਜ਼ਮ ਹਨ।
- Download Babushahi App
-
-