ਸੁਲਤਾਨਪੁਰ ਲੋਧੀ ਦੇ ਪਿੰਡ ਭੌਰ ’ਚ ਚੋਰਾਂ ਦਾ ਕਹਿਰ: ਇੱਕੋ ਮੋਟਰ ’ਤੇ ਦੋ ਵਾਰ ਚੋਰੀ, ਪਿੰਡ ਵਾਸੀਆਂ ਨੇ ਖ਼ੁਦ ਕਾਬੂ ਕਰਕੇ ਚੋਰ ਪੁਲਿਸ ਹਵਾਲੇ ਕੀਤਾ
* ਪਹਿਲਾਂ ਜਨਰੇਟਰ ਤੇ ਤਾਰਾਂ ਖੋਲ੍ਹ ਕੇ ਲੈ ਗਏ ਚੋਰ, ਪੁਲਿਸ ਦੇ ਨਾ ਪਹੁੰਚਣ ਕਾਰਨ ਅਗਲੀ ਰਾਤ ਬਚਿਆ ਸਾਮਾਨ ਵੀ ਕੀਤਾ ਸਾਫ਼
* ਪਿੰਡ ਵਾਸੀਆਂ ਦੀ ਮੁਸਤੈਦੀ ਨਾਲ ਮੁਲਜ਼ਮ ਫੜਿਆ ਗਿਆ; ਪੁਲਿਸ ਨੇ ਮੀਡੀਆ ਸਾਹਮਣੇ ਕੈਮਰੇ 'ਤੇ ਬੋਲਣ ਤੋਂ ਵੱਟਿਆ ਪਾਸਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 30 ਸਤੰਬਰ 2026
ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਡਡਵਿੰਡੀ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਇੱਕੋ ਕਿਸਾਨ ਦੀ ਮੋਟਰ ਨੂੰ ਲਗਾਤਾਰ ਦੋ ਵਾਰ ਨਿਸ਼ਾਨਾ ਬਣਾਇਆ ਗਿਆ। ਪਿੰਡ ਭੌਰ ਵਿਖੇ ਵਾਪਰੀ ਇਸ ਸਨਸਨੀਖੇਜ਼ ਘਟਨਾ ਕਾਰਨ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਭਾਰੀ ਰੋਸ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਪੀੜਤ ਕਿਸਾਨ ਸੁਰਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਭੌਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਖੇਤ ਪਹੁੰਚਿਆ ਤਾਂ ਉਸ ਦੇ ਹੋਸ਼ ਉੱਡ ਗਏ। ਚੋਰ ਉਸ ਦੇ ਖੇਤ ਵਿੱਚੋਂ ਜਨਰੇਟਰ, ਮੋਟਰ ਅਤੇ ਇਸ ਨਾਲ ਜੁੜੀਆਂ ਸਾਰੀਆਂ ਕੀਮਤੀ ਤਾਰਾਂ ਖੋਲ੍ਹ ਕੇ ਲੈ ਗਏ ਸਨ। ਇਸ ਸਬੰਧੀ ਕਿਸਾਨ ਵੱਲੋਂ ਤੁਰੰਤ ਦੁਪਹਿਰ ਸਮੇਂ ਪੁਲਿਸ ਚੌਕੀ ਮੋਠਾਂਵਾਲ ਵਿਖੇ ਲਿਖਤੀ ਦਰਖ਼ਾਸਤ ਦਿੱਤੀ ਗਈ। ਪੀੜਤ ਦਾ ਗੰਭੀਰ ਦੋਸ਼ ਹੈ ਕਿ ਸੂਚਨਾ ਮਿਲਣ ਦੇ ਬਾਵਜੂਦ ਪੁਲਿਸ ਦਾ ਕੋਈ ਵੀ ਮੁਲਾਜ਼ਮ ਮੌਕੇ ’ਤੇ ਜਾਂਚ ਲਈ ਨਹੀਂ ਪਹੁੰਚਿਆ।
ਪੁਲਿਸ ਦੀ ਇਸ ਢਿੱਲਮੱਠ ਦਾ ਫ਼ਾਇਦਾ ਚੁੱਕਦਿਆਂ ਬੇਖ਼ੌਫ਼ ਚੋਰਾਂ ਨੇ ਉਸੇ ਰਾਤ ਦੁਬਾਰਾ ਧਾਵਾ ਬੋਲ ਦਿੱਤਾ। ਚੋਰਾਂ ਨੇ ਕਮਰੇ ਦਾ ਜਿੰਦਰਾ ਤੋੜ ਕੇ ਅੰਦਰ ਪਿਆ ਬਾਕੀ ਬਚਿਆ ਸਾਮਾਨ ਵੀ ਚੋਰੀ ਕਰ ਲਿਆ ਅਤੇ ਫ਼ਰਾਰ ਹੋ ਗਏ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪਹਿਲੀ ਚੋਰੀ ਤੋਂ ਤੁਰੰਤ ਬਾਅਦ ਪੁਲਿਸ ਮੌਕੇ ’ਤੇ ਕਾਰਵਾਈ ਕਰਦੀ ਤਾਂ ਦੂਜੀ ਵਾਰਦਾਤ ਤੋਂ ਬਚਿਆ ਜਾ ਸਕਦਾ ਸੀ।
ਹਾਲਾਤ ਨੂੰ ਭਾਂਪਦਿਆਂ ਪਿੰਡ ਵਾਸੀਆਂ ਨੇ ਖ਼ੁਦ ਚੌਕਸੀ ਵਧਾਈ ਅਤੇ ਇਕੱਠੇ ਹੋ ਕੇ ਪੈੜ ਨੱਪਦੇ ਹੋਏ ਸ਼ੱਕੀ ਚੋਰ ਨੂੰ ਕਾਬੂ ਕਰ ਲਿਆ। ਇਸ ਉਪਰੰਤ ਪਿੰਡ ਵਾਲਿਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕਰਕੇ ਮੁਲਜ਼ਮ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜਦੋਂ ਮੀਡੀਆ ਨੇ ਪੁਲਿਸ ਨਾਲ ਰਾਬਤਾ ਕਰਨਾ ਚਾਹਿਆ ਤਾਂ ਅਧਿਕਾਰੀਆਂ ਨੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਪਾਸਾ ਵੱਟਦਿਆਂ ਸਿਰਫ਼ ਇੰਨਾ ਹੀ ਕਿਹਾ ਕਿ ਇਹ ਤਫ਼ਤੀਸ਼ ਦਾ ਵਿਸ਼ਾ ਹੈ।
ਦੂਜੇ ਪਾਸੇ, ਚੌਕੀ ਇੰਚਾਰਜ ਮੋਠਾਂਵਾਲ ਐਸ.ਆਈ. ਬਲਵਿੰਦਰ ਸਿੰਘ ਨੇ ਦੇਰੀ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਅਤੇ ਬਾਹਰਲੇ ਖੇਤਰਾਂ ਵਿੱਚ ਮੁਲਾਜ਼ਮਾਂ ਦੀਆਂ ਵਿਸ਼ੇਸ਼ ਡਿਊਟੀਆਂ ਲੱਗੀਆਂ ਹੋਣ ਕਰਕੇ ਨਫ਼ਰੀ ਦੀ ਕਮੀ ਸੀ, ਜਿਸ ਕਾਰਨ ਮੌਕੇ ’ਤੇ ਤੁਰੰਤ ਨਹੀਂ ਪਹੁੰਚਿਆ ਜਾ ਸਕਿਆ। ਉਨ੍ਹਾਂ ਕਿਹਾ ਕਿ ਹੁਣ ਪੁਲਿਸ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ ਅਤੇ ਮਾਮਲੇ ਵਿੱਚ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਹੈ ਕਿ ਖੇਤਾਂ ਵਿੱਚ ਲੱਗੀਆਂ ਮੋਟਰਾਂ ਅਤੇ ਕਿਸਾਨਾਂ ਦੇ ਸੰਦਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ।
- Download Babushahi App
-
-