3 ਕੁਇੰਟਲ ਗਾਂਜਾ ਅਤੇ ਇੱਕ ਬਲੈਰੋ ਪਿੱਕਅੱਪ ਗੱਡੀ ਸਮੇਤ 3 ਦੋਸ਼ੀ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ, 23 ਸਤੰਬਰ 2026- ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ, ਆਈ.ਪੀ.ਐੱਸ. ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਰੁਪਿੰਦਰ ਸਿੰਘ, ਆਈ.ਪੀ.ਐੱਸ./ਅਡੀਸ਼ਨਲ ਕਮਿਸ਼ਨਰ ਪੁਲਿਸ ਲੁਧਿਆਣਾ, ਆਲਮ ਵਿਜੈ ਸਿੰਘ, ਪੀ.ਪੀ.ਐੱਸ./ਡੀ.ਸੀ.ਪੀ. ਸਿਟੀ ਲੁਧਿਆਣਾ, ਧਰਾਵਤ ਸਾਈ ਪ੍ਰਕਾਸ਼, ਆਈ.ਪੀ.ਐੱਸ./ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜ਼ੋਨ-3 ਲੁਧਿਆਣਾ ਅਤੇ ਜਤਿੰਦਰਪਾਲ ਸਿੰਘ, ਪੀ.ਪੀ.ਐੱਸ./ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ ਜੀ ਦੀਆਂ ਹਦਾਇਤਾਂ ਅਨੁਸਾਰ ਥਾਣਾ ਹੈਬੋਵਾਲ ਲੁਧਿਆਣਾ ਦੀ ਪੁਲਿਸ ਵੱਲੋਂ 3 ਕੁਇੰਟਲ ਗਾਂਜਾ ਅਤੇ ਇੱਕ ਬਲੈਰੋ ਪਿੱਕਅੱਪ ਗੱਡੀ ਸਮੇਤ 3 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਇੰਸਪੈਕਟਰ/ਐੱਸ.ਐੱਚ.ਓ. ਜਸਵੀਰ ਸਿੰਘ, ਮੁੱਖ ਅਫਸਰ ਥਾਣਾ ਹੈਬੋਵਾਲ ਲੁਧਿਆਣਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਮਿਤੀ 23-09-2026 ਨੂੰ ਗਸ਼ਤ ਦੌਰਾਨ ਗੰਦਾ ਨਾਲਾ ਪੁਲੀ ਨੇੜੇ ਮੰਡ ਵਾਲੀ ਦਰਗਾਹ ਪਾਸ ਇੱਕ ਬਲੈਰੋ ਪਿੱਕਅੱਪ ਗੱਡੀ ਨੂੰ ਦੇਖਿਆ ਗਿਆ। ਗੱਡੀ ਦੇ ਪਿੱਛੇ ਬਲਿਊ ਡਾਟ ਡਲਿਵਰੀ ਪੇਂਟ ਨਾਲ ਲਿਖਿਆ ਹੋਇਆ ਸੀ। ਮੌਕੇ 'ਤੇ ਦੋ ਵਿਅਕਤੀ ਮੌਜੂਦ ਸਨ, ਜਿਨ੍ਹਾਂ ਵਿੱਚੋਂ ਇੱਕ ਸੜਕ ਕਿਨਾਰੇ ਪਲਾਸਟਿਕ ਦਾ ਥੈਲਾ ਰੱਖ ਕੇ ਕਿਸੇ ਦੀ ਉਡੀਕ ਕਰ ਰਿਹਾ ਸੀ ਅਤੇ ਦੂਜਾ ਗੱਡੀ ਦੀ ਡਰਾਈਵਰ ਸੀਟ 'ਤੇ ਬੈਠਾ ਸੀ।
ਪੁਲਿਸ ਪਾਰਟੀ ਨੂੰ ਨੇੜੇ ਆਉਂਦਿਆਂ ਦੇਖ ਕੇ ਉਕਤ ਵਿਅਕਤੀਆਂ ਨੇ ਪਲਾਸਟਿਕ ਦਾ ਥੈਲਾ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਗੱਡੀ ਭਜਾ ਕੇ ਲੈ ਗਏ। ਪੁਲਿਸ ਪਾਰਟੀ ਵੱਲੋਂ ਥੈਲੇ ਵਿੱਚੋਂ ਡਿੱਗੇ ਪਦਾਰਥ ਦੀ ਜਾਂਚ ਕਰਨ 'ਤੇ ਉਸ ਵਿੱਚੋਂ 10 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ। ਇਸ ਸਬੰਧੀ ਮੁਕੱਦਮਾ ਨੰਬਰ 251 ਮਿਤੀ 23-09-2026, ਅਧੀਨ ਧਾਰਾ 20 ਐੱਨ.ਡੀ.ਪੀ.ਐੱਸ. ਐਕਟ, ਥਾਣਾ ਹੈਬੋਵਾਲ ਲੁਧਿਆਣਾ ਵਿਖੇ ਦਰਜ ਕੀਤਾ ਗਿਆ।
ਮੁਕੱਦਮੇ ਦੀ ਤਫਤੀਸ਼ ਦੌਰਾਨ ਪੁਲਿਸ ਵੱਲੋਂ ਦੋਸ਼ੀ ਪਰਵਿੰਦ ਕੁਮਾਰ, ਬਿਰੰਜਣ ਉਰਫ ਗੋਲੂ ਅਤੇ ਅਮਰਕਾਂਤ ਰਾਏ ਨੂੰ ਬਲੈਰੋ ਪਿੱਕਅੱਪ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਦੇ ਕਬਜ਼ੇ ਵਿੱਚੋਂ ਮੋਰਿਆ ਡੇਅਰੀ ਫਾਰਮ, ਡੇਅਰੀ ਕੰਪਲੈਕਸ ਲੁਧਿਆਣਾ ਤੋਂ 2 ਕੁਇੰਟਲ 90 ਕਿਲੋਗ੍ਰਾਮ ਗਾਂਜਾ ਹੋਰ ਬਰਾਮਦ ਕੀਤਾ ਗਿਆ।
ਇਸ ਤਰ੍ਹਾਂ ਪੁਲਿਸ ਵੱਲੋਂ ਕੁੱਲ 3 ਕੁਇੰਟਲ ਗਾਂਜਾ ਅਤੇ ਇੱਕ ਬਲੈਰੋ ਪਿੱਕਅੱਪ ਗੱਡੀ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਢੁਕਵਾਂ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
- Download Babushahi App
-
-