ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਮਿੱਟੀ ਆਧਾਰਿਤ ਉਸਾਰੀ ਤਕਨੀਕਾਂ ਬਾਰੇ ਵਰਕਸ਼ਾਪ ਕਰਵਾਈ
ਅਸ਼ੋਕ ਵਰਮਾ
ਬਠਿੰਡਾ, 23 ਸਤੰਬਰ 2026 :ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਜੀ.ਜ਼ੈਡ.ਐਸ. ਸਕੂਲ ਆਫ਼ ਆਰਕੀਟੈਕਚਰ ਐਂਡ ਪਲੈਨਿੰਗ ਵਿਖੇ ‘ਹੱਥ’ ਨਾਮਕ ਇੱਕ ਰੋਜ਼ਾ ਵਿਹਾਰਕ ਮਿੱਟੀ ਨਿਰਮਾਣ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਰਾਜਾਂ ਤੋਂ 100 ਤੋਂ ਵੱਧ ਆਰਕੀਟੈਕਚਰ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਧਰਤੀ-ਆਧਾਰਿਤ ਨਿਰਮਾਣ ਤਕਨੀਕਾਂ ਬਾਰੇ ਵਿਹਾਰਕ ਜਾਣਕਾਰੀ ਹਾਸਲ ਕੀਤੀ।
ਨੈਸ਼ਨਲ ਐਸੋਸੀਏਸ਼ਨ ਆਫ਼ ਸਟੂਡੈਂਟਸ ਆਫ਼ ਆਰਕੀਟੈਕਚਰ ਦੀ ਸਥਾਨਕ ਇਕਾਈ ਵੱਲੋਂ ਨੈਕਸੱਸ ਤਹਿਤ ਕਰਵਾਈ ਗਈ ਇਸ ਵਰਕਸ਼ਾਪ ਦੀ ਅਗਵਾਈ ਆਰਕੀਟੈਕਟ ਅਤੇ ਵਾਤਾਵਰਣ-ਅਨੁਕੂਲ ਨਿਰਮਾਣ ਮਾਹਿਰ ਸ੍ਰੀ ਵਿਸ਼ੇਸ਼ ਨੇ ਕੀਤੀ। ਉਹ ਪਰਮਾਕਲਚਰ, ਕੁਦਰਤੀ ਨਿਰਮਾਣ ਅਤੇ ਵਾਤਾਵਰਣਕ ਪੁਨਰ-ਸਥਾਪਨਾ ਦੇ ਖੇਤਰਾਂ ਵਿੱਚ ਕਾਰਜ ਕਰ ਰਹੇ ਹਨ।
ਵਰਕਸ਼ਾਪ ਟੀਮ ਵਿੱਚ ਯੂਨਿਟ ਸਕੱਤਰ ਦੇਵਾਂਸ਼ ਚਾਵਲਾ ਅਤੇ ਯੂਨਿਟ ਡਿਜ਼ਿਗਨੇਈ ਦੀਪਮ ਗੋਇਲ ਸ਼ਾਮਲ ਸਨ, ਜਦਕਿ ਫੈਕਲਟੀ ਐਡਵਾਈਜ਼ਰ ਆਰ. ਕਪਿਲ ਅਰੋੜਾ ਦੀ ਅਗਵਾਈ ਹੇਠ ਆਰ. ਨੇਹਦੀਪ ਕੌਰ ਨੇ ਕੋ-ਫੈਕਲਟੀ ਵਜੋਂ ਸਹਿਯੋਗ ਦਿੱਤਾ। ਆਰ. ਕਪਿਲ ਅਰੋੜਾ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਐਮ.ਆਰ.ਐਸ.ਪੀ.ਟੀ.ਯੂ. ਵਿੱਚ ਨਾਸਾ ਨਾਲ ਸਬੰਧਤ ਸਹਿ-ਪਾਠਕ੍ਰਮ ਗਤੀਵਿਧੀਆਂ ਦੀ ਅਗਵਾਈ ਕਰ ਰਹੇ ਹਨ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੰਚਾਂ ’ਤੇ ਪ੍ਰਸ਼ੰਸਾਯੋਗ ਪ੍ਰਾਪਤੀਆਂ ਦਰਜ ਕੀਤੀਆਂ ਹਨ।
ਵਰਕਸ਼ਾਪ ਦੌਰਾਨ ਸਿਧਾਂਤਕ ਜਾਣਕਾਰੀ ਦੇ ਨਾਲ-ਨਾਲ ਵਿਹਾਰਕ ਸਿਖਲਾਈ ’ਤੇ ਜ਼ੋਰ ਦਿੱਤਾ ਗਿਆ। ਇਸ ਵਿੱਚ ਭੂ-ਵਿਗਿਆਨ, ਜਲਵਾਯੂ, ਬਨਸਪਤੀ, ਵਸੇਬੇ ਦੇ ਨਮੂਨੇ ਅਤੇ ਸਥਾਨਕ ਸਮੱਗਰੀ-ਸੱਭਿਆਚਾਰ ਸਮੇਤ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸਥਾਨਕ ਮਿੱਟੀ ਅਤੇ ਕੁਦਰਤੀ ਸਮੱਗਰੀ ਦਾ ਨਿਰੀਖਣ ਤੇ ਪਰਖ ਕੀਤੀ। ਉਨ੍ਹਾਂ ਨੇ ਨਿਰਮਾਣ ਸਮੱਗਰੀ ਨਾਲ ਪ੍ਰਯੋਗ ਕਰਨ, ਮਿੱਟੀ-ਆਧਾਰਿਤ ਸਮੱਗਰੀ ਦੀ ਤਿਆਰੀ ਅਤੇ ਮਿਸ਼ਰਣ, ਸਾਂਝੇ ਤੌਰ ’ਤੇ ਕੋਬ ਨਿਰਮਾਣ, ਮਿੱਟੀ ਦੀਆਂ ਕਲਾਕ੍ਰਿਤੀਆਂ ਤਿਆਰ ਕਰਨ ਅਤੇ ਫਿਨਿਸ਼ਿੰਗ ਤਕਨੀਕਾਂ ਵਿੱਚ ਵਿਹਾਰਕ ਅਭਿਆਸ ਕੀਤਾ।
ਵਰਕਸ਼ਾਪ ਦੇ ਸਾਂਝੇ ਨਤੀਜੇ ਵਜੋਂ ਭਾਗੀਦਾਰਾਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਮਿੱਟੀ ਨਾਲ ਇੱਕ ਬੈਠਣ ਵਾਲੀ ਥਾਂ ਅਤੇ ਲੈਂਡਸਕੇਪ ਤੱਤ ਤਿਆਰ ਕੀਤਾ। ਇਸ ਨਾਲ ਕੁਦਰਤੀ ਨਿਰਮਾਣ ਤਕਨੀਕਾਂ ਦਾ ਵਿਹਾਰਕ ਪ੍ਰਦਰਸ਼ਨ ਹੋਣ ਦੇ ਨਾਲ-ਨਾਲ ਕੈਂਪਸ ਦੀ ਇੱਕ ਖੁੱਲ੍ਹੀ ਥਾਂ ਦੀ ਉਪਯੋਗਤਾ ਵਿੱਚ ਵੀ ਵਾਧਾ ਹੋਇਆ।
ਵਰਕਸ਼ਾਪ ਵਿੱਚ ਦੀਨਬੰਧੂ ਛੋਟੂ ਰਾਮ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਮੁਰਥਲ; ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ; ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਜਲੰਧਰ; ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ; ਦ ਹਿੰਦੂ ਕਾਲਜ ਆਫ਼ ਡਿਜ਼ਾਈਨ, ਆਰਕੀਟੈਕਚਰ ਐਂਡ ਪਲੈਨਿੰਗ (ਐਚ.ਆਈ.ਸੀ.ਡੀ.ਏ.ਪੀ.), ਸੋਨੀਪਤ ਅਤੇ ਇੰਡੋ ਗਲੋਬਲ ਕਾਲਜ, ਚੰਡੀਗੜ੍ਹ ਦੇ ਵਿਦਿਆਰਥੀਆਂ ਅਤੇ ਡੈਲੀਗੇਟਾਂ ਨੇ ਭਾਗ ਲਿਆ।
ਵਾਈਸ-ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ ਉਦਯੋਗ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਵਿਹਾਰਕ ਤਜਰਬੇ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਮਰਪਿਤ ਅਧਿਆਪਕਾਂ ਦੀ ਅਗਵਾਈ ਅਤੇ ਸਹਿਯੋਗ ਮਿਲਣ ’ਤੇ ਵਿਦਿਆਰਥੀ ਵੱਡੀਆਂ ਸੰਭਾਵਨਾਵਾਂ ਨੂੰ ਸਾਕਾਰ ਕਰ ਸਕਦੇ ਹਨ।
- Download Babushahi App
-
-