ਬਰਨਾਲਾ 'ਚ ਅਵਾਰਾ ਕੁੱਤੇ ਵੱਲੋਂ ਵਿਅਕਤੀ ’ਤੇ ਹਮਲਾ
KAMALJEET SANDHU
ਬਰਨਾਲਾ, 16 ਸਤੰਬਰ 2026- ਬਰਨਾਲਾ ਜ਼ਿਲ੍ਹੇ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਪਿੰਡ ਸੰਘੇੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ’ਤੇ ਅਵਾਰਾ ਕੁੱਤੇ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ।
ਹਾਲਤ ਗੰਭੀਰ ਹੋਣ ਦੇ ਚੱਲਦਿਆਂ ਸਰਕਾਰੀ ਹਸਪਤਾਲ ਬਰਨਾਲਾ ਦੇ ਡਾਕਟਰਾਂ ਵੱਲੋਂ ਮੁੱਢਲਾ ਇਲਾਜ ਅਤੇ ਐਂਟੀ-ਰੇਬੀਜ਼ ਵੈਕਸੀਨ ਸਮੇਤ ਜ਼ਰੂਰੀ ਇਲਾਜ ਦੇਣ ਤੋਂ ਬਾਅਦ ਜ਼ਖਮੀ ਨੂੰ ਅਗਲੇ ਇਲਾਜ ਲਈ ਬਠਿੰਡਾ ਰੈਫਰ ਕਰ ਦਿੱਤਾ ਗਿਆ।
ਡਾਕਟਰ ਮੁਤਾਬਕ ਰਾਤ ਕਰੀਬ 8 ਤੋਂ ਸਾਢੇ 8 ਵਜੇ ਦੇ ਦਰਮਿਆਨ ਸੰਘੇੜਾ ਤੋਂ ਇੱਕ ਮਰੀਜ਼ ਡੌਗ ਬਾਈਟ ਦੇ ਮਾਮਲੇ ਵਿੱਚ ਹਸਪਤਾਲ ਲਿਆਂਦਾ ਗਿਆ ਸੀ। ਮਰੀਜ਼ ਦੇ ਸਰੀਰ ’ਤੇ ਕੁੱਤੇ ਦੇ ਹਮਲੇ ਕਾਰਨ ਗੰਭੀਰ ਸੱਟਾਂ ਸਨ ਅਤੇ ਇੱਕ ਵੱਡੀ ਇੰਜਰੀ ਹੋਣ ਕਾਰਨ ਉਸ ਨੂੰ ਅਗਲੇ ਪੱਧਰ ਦੇ ਇਲਾਜ ਲਈ ਰੈਫਰ ਕੀਤਾ ਗਿਆ।
ਇਹ ਮਾਮਲਾ ਸਿਰਫ਼ ਇੱਕ ਵਿਅਕਤੀ ਤੱਕ ਸੀਮਤ ਨਹੀਂ ਹੈ। ਸਰਕਾਰੀ ਹਸਪਤਾਲ ਬਰਨਾਲਾ ਦੇ ਡਾਕਟਰਾਂ ਮੁਤਾਬਕ ਹਰ ਰੋਜ਼ ਵੱਡੀ ਗਿਣਤੀ ਵਿੱਚ ਕੁੱਤਿਆਂ ਦੇ ਕੱਟਣ ਜਾਂ ਹਮਲੇ ਦਾ ਸ਼ਿਕਾਰ ਹੋਏ ਮਰੀਜ਼ ਹਸਪਤਾਲ ਪਹੁੰਚ ਰਹੇ ਹਨ। ਡਾਕਟਰ ਨੇ ਦੱਸਿਆ ਕਿ ਔਸਤਨ ਰੋਜ਼ਾਨਾ ਕਰੀਬ 10 ਤੋਂ 15 ਮਰੀਜ਼ ਡੌਗ ਬਾਈਟ ਦੇ ਮਾਮਲਿਆਂ ਵਿੱਚ ਹਸਪਤਾਲ ਆਉਂਦੇ ਹਨ ਅਤੇ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਨੂੰ ਐਂਟੀ-ਰੇਬੀਜ਼ ਵੈਕਸੀਨੇਸ਼ਨ ਦਿੱਤੀ ਜਾਂਦੀ ਹੈ।
ਇਸ ਦੌਰਾਨ ਜ਼ਖਮੀ ਦੇ ਪਰਿਵਾਰ ਵੱਲੋਂ 108 ਐਂਬੂਲੈਂਸ ਦੇ ਦੇਰ ਨਾਲ ਪਹੁੰਚਣ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਐਂਬੂਲੈਂਸ ਸਮੇਂ ਸਿਰ ਪਹੁੰਚਣਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਜਦੋਂ ਮਰੀਜ਼ ਗੰਭੀਰ ਰੂਪ ਵਿੱਚ ਜ਼ਖਮੀ ਹੋਵੇ।
ਇੱਕ ਪਾਸੇ ਅਵਾਰਾ ਕੁੱਤਿਆਂ ਦੀ ਵਧਦੀ ਸਮੱਸਿਆ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਹਰ ਰੋਜ਼ ਡੌਗ ਬਾਈਟ ਦੇ ਮਰੀਜ਼ਾਂ ਦੀ ਵੱਡੀ ਗਿਣਤੀ ਇਹ ਸਵਾਲ ਵੀ ਖੜ੍ਹੇ ਕਰਦੀ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਕੀ ਠੋਸ ਕਦਮ ਚੁੱਕੇ ਜਾ ਰਹੇ ਹਨ।
ਪਿੰਡ ਸੰਘੇੜਾ ਦੇ ਇਸ ਤਾਜ਼ਾ ਮਾਮਲੇ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਹੈ। ਲੋਕਾਂ ਦੀ ਮੰਗ ਹੈ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਹੋਰ ਵਿਅਕਤੀ ਨੂੰ ਇਸ ਤਰ੍ਹਾਂ ਦੇ ਹਮਲੇ ਦਾ ਸ਼ਿਕਾਰ ਨਾ ਹੋਣਾ ਪਵੇ।
- Download Babushahi App
-
-