ਜੇਲ੍ਹ ਵਾਰਡਰ ਪ੍ਰਭਜੋਤ ਸਿੰਘ ਨੇ 'ਨੈਸ਼ਨਲ ਸੀਨੀਅਰ ਕਿੱਕਬਾਕਸਿੰਗ ਚੈਂਪੀਅਨਸ਼ਿਪ' ਵਿੱਚ ਜਿੱਤਿਆ ਸੋਨ ਤਗ਼ਮਾ
ਪਟਿਆਲਾ, 16 ਸਤੰਬਰ 2026- ਪੰਜਾਬ ਜੇਲ੍ਹ ਵਿਭਾਗ ਦੇ ਨਾਂ ਇੱਕ ਹੋਰ ਵੱਡੀ ਰਾਸ਼ਟਰੀ ਪ੍ਰਾਪਤੀ ਜੁੜ ਗਈ ਹੈ। ਵਿਭਾਗ ਵਿੱਚ ਬਤੌਰ ਵਾਰਡਰ ਤਾਇਨਾਤ ਪ੍ਰਭਜੋਤ ਸਿੰਘ ਨੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਖੇ 8 ਸਤੰਬਰ 2026 ਤੋਂ ਕਰਵਾਈ 'ਨੈਸ਼ਨਲ ਸੀਨੀਅਰ ਕਿੱਕਬਾਕਸਿੰਗ ਚੈਂਪੀਅਨਸ਼ਿਪ' ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਗ਼ਮਾ ਜਿੱਤ ਕੇ ਸੂਬੇ ਅਤੇ ਵਿਭਾਗ ਦਾ ਨਾਂ ਰੌਸ਼ਨ ਕੀਤਾ ਹੈ।
ਟ੍ਰੇਨਿੰਗ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ, ਪਟਿਆਲਾ ਦੇ ਪ੍ਰਿੰਸੀਪਲ ਵਰੁਣ ਸ਼ਰਮਾ ਨੇ ਵਧਾਈ ਦਿੰਦਿਆਂ ਦੱਸਿਆ ਕਿ ਵਾਰਡਰ ਪ੍ਰਭਜੋਤ ਸਿੰਘ ਨੇ ਇਹ ਸਖ਼ਤ ਟ੍ਰੇਨਿੰਗ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ, ਪਟਿਆਲਾ ਵਿਖੇ ਵਿਭਾਗ ਦੇ ਇੰਸਟ੍ਰਕਟਰ ਬਲਵੀਰ ਸਿੰਘ ਦੀ ਯੋਗ ਅਗਵਾਈ ਅਤੇ ਦੇਖ-ਰੇਖ ਹੇਠ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਭਜੋਤ ਸਿੰਘ ਦੀ ਇਸ ਜਿੱਤ ਨੇ ਵਿਭਾਗ ਦੇ ਹੋਰਨਾਂ ਮੁਲਾਜ਼ਮਾਂ ਲਈ ਵੀ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਦਾ ਇੱਕ ਨਵਾਂ ਰਾਹ ਦਸੇਰਾ ਬਣਾਇਆ ਹੈ। ਵਰੁਣ ਸ਼ਰਮਾ ਨੇ ਜੇਤੂ ਖਿਡਾਰੀ ਪ੍ਰਭਜੋਤ ਸਿੰਘ ਅਤੇ ਉਨ੍ਹਾਂ ਦੇ ਕੋਚ ਬਲਵੀਰ ਸਿੰਘ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਵਿਭਾਗ ਨੂੰ ਆਪਣੇ ਅਜਿਹੇ ਹੋਣਹਾਰ ਮੁਲਾਜ਼ਮਾਂ 'ਤੇ ਮਾਣ ਹੈ, ਜੋ ਡਿਊਟੀ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਰਾਸ਼ਟਰੀ ਪੱਧਰ 'ਤੇ ਮੱਲਾਂ ਮਾਰ ਰਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਪ੍ਰਭਜੋਤ ਸਿੰਘ ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਵੀ ਦੇਸ਼ ਅਤੇ ਪੰਜਾਬ ਦਾ ਨਾਂ ਚਮਕਾਉਣਗੇ।ਇਸ ਮੌਕੇ ਵਾਈਸ ਪ੍ਰਿੰਸੀਪਲ ਮੁਕੇਸ਼ ਸ਼ਰਮਾ ਵੀ ਮੌਜੂਦ ਸਨ।
- Download Babushahi App
-
-