ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਚੁਣੇ ਜਿਲ੍ਹੇ ਦੇ 43 ਪਿੰਡਾਂ ਦੇ ਵਿਕਾਸ ’ਤੇ ਖਰਚੇ ਜਾਣਗੇ ਕਰੀਬ 8.60 ਕਰੋੜ ਰੁਪਏ
ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ ਨੇ ਜ਼ਿਲ੍ਹਾ ਪੱਧਰੀ ਪ੍ਰੋਜੈਕਟ ਅਪਰੇਜ਼ਲ ਕਨਵਰਜੈਂਸ ਕਮੇਟੀ ਦੀ ਕੀਤੀ ਮੀਟਿੰਗ
ਫਤਿਹਗੜ੍ਹ ਸਾਹਿਬ 16 ਸਤੰਬਰ (ਗੁਰਪ੍ਰੀਤ ਸਿੰਘ ਜਖਵਾਲੀ) ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਚੁਣੇ ਹੋਏ ਪਿੰਡਾਂ ਦੀਆਂ ਬੁਨਿਆਦੀ ਸੁਵਿਧਾਵਾਂ ਤੇ ਵਿਕਾਸ ਕੰਮਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਨ੍ਹਾਂ ਦੇ ਦਫਤਰ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਜੈਕਟ ਅਪਰੇਜ਼ਲ ਕਨਵਰਜੈਂਸ ਕਮੇਟੀ ਦੀ ਮੀਟਿੰਗ ਹੋਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ ਨੇ ਦੱਸਿਆ ਕਿ ਪੀ.ਐਮ.ਆਦਰਸ਼ ਗ੍ਰਾਮ ਯੋਜਨਾ ਤਹਿਤ ਜ਼ਿਲ੍ਹੇ ਦੇ 128 ਪਿੰਡ ਚੁਣੇ ਗਏ ਹਨ, ਜਿਸ ਵਿੱਚ ਬਲਾਕ ਅਮਲੋਹ ਦੇ 34 ,ਬਸੀ ਪਠਾਣਾ ਦੇ 27, ਖਮਾਣੋ ਦੇ 27, ਸਹਰਿੰਦ ਦੇ 29 ਅਤੇ ਬਲਾਕ ਖੇੜਾ ਦੇ 11 ਪਿੰਡ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਾਲ 2020-21 ਦੇ ਡਿਜੀਟਲ ਸਰਵੇ ਦੌਰਾਨ ਜਿਲ੍ਹੇ ਦੇ 33 ਪਿੰਡਾਂ ਅਤੇ ਸਾਲ 2021-22 ਦੌਰਾਨ 10 ਪਿੰਡਾਂ, ਕੁੱਲ 43 ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਕਰੀਬ 8 ਕਰੋੜ 60 ਲੱਖ ਰੁਪਏ ਖਰਚੇ ਜਾਣਗੇ।
ਉਨ੍ਹਾਂ ਕਿਹਾ ਕਿ ਡਿਜੀਟਲ ਸਰਵੇ ਨਾਲ ਤਿਆਰ ਕੀਤੇ ਜਾਣ ਵਿਲੇਜ ਡਿਵੈਲਪਮੈਂਟ ਪਲਾਨ ਵਿੱਚ ਪਿੰਡ ਦੀ ਅਸਲ ਤਸਵੀਰ ਨਜ਼ਰ ਆਉਣੀ ਚਾਹੀਦੀ ਹੈ। ਸਿੱਖਿਆ, ਆਂਗਣਵਾੜੀ, ਸਕੂਲਾਂ ਵਿੱਚ ਪਖਾਨੇ, ਸੋਲਰ ਲਾਈਟਾਂ, ਪਾਣੀ ਦੀ ਨਿਕਾਸੀ ਦੇ ਪ੍ਰੋਜੈਕਟ, ਪੋਸ਼ਣ, ਡਿਜੀਟਲ ਸਹੂਲਤਾਂ ਅਤੇ ਵੱਖ-ਵੱਖ ਭਲਾਈ ਸਕੀਮਾਂ ਦੀ ਪਹੁੰਚ ਵਿੱਚ ਜਿੱਥੇ ਵੀ ਘਾਟ ਸਾਹਮਣੇ ਆਵੇ, ਉਸ ਨੂੰ ਤਰਜੀਹੀ ਆਧਾਰ ’ਤੇ ਵਿਕਾਸ ਯੋਜਨਾ ਨਾਲ ਜੋੜਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਪਿੰਡ ਪੱਧਰੀ ਕਮੇਟੀਆਂ ਰਾਹੀਂ ਹਾਊਸਹੋਲਡ ਸਰਵੇ ਮੁਕੰਮਲ ਕਰਕੇ ਸਹੀ ਵੇਰਵੇ ਪੋਰਟਲ ’ਤੇ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਆਦਰਸ਼ ਪਿੰਡ ਦੀ ਪਛਾਣ ਸਿਰਫ਼ ਨਵੇਂ ਵਿਕਾਸ ਕਾਰਜਾਂ ਨਾਲ ਨਹੀਂ, ਸਗੋਂ ਇਸ ਗੱਲ ਨਾਲ ਹੋਵੇਗੀ ਕਿ ਪਿੰਡ ਦੇ ਆਖ਼ਰੀ ਯੋਗ ਪਰਿਵਾਰ ਤੱਕ ਬੁਨਿਆਦੀ ਸਹੂਲਤ ਅਤੇ ਸਰਕਾਰੀ ਸਕੀਮ ਦਾ ਲਾਭ ਪਹੁੰਚਿਆ ਹੈ।
ਮੀਟਿੰਗ ਵਿੱਚ ਮੁਕਲ ਬਾਵਾ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ, ਬੀ.ਡੀ.ਪੀ.ਓ, ਸਰਹਿੰਦ, ਬਸੀ ਪਠਾਣਾ, ਖੇੜਾ ਅਤੇ ਖਮਾਣੋ, ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਸਮੂਹ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
- Download Babushahi App
-
-