ਮਿਸਲ ਸਤਲੁਜ ਪਾਰਟੀ ਵੱਲੋਂ ਕੌਮੀ ਇਨਸਾਫ ਮੋਰਚੇ ਦੇ ਪੰਜਾਬ ਬੰਦ ਦਾ ਸਮਰਥਨ: ਅਜੇਪਾਲ ਸਿੰਘ ਬਰਾੜ
ਪਟਿਆਲਾ, 20 ਅਗਸਤ, 2026: ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ ਕੇ 21 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦੀ ਮਿਸਲ ਸਤਲੁਜ ਪਾਰਟੀ ਵੱਲੋਂ ਪੂਰਨ ਹਮਾਇਤ ਕੀਤੀ ਗਈ ਹੈ। ਪਾਰਟੀ ਨੇ ਪੰਜਾਬ ਵਾਸੀਆਂ ਨੂੰ ਇਸ ਬੰਦ ਨੂੰ ਸ਼ਾਂਤਮਈ ਅਤੇ ਅਨੁਸ਼ਾਸਿਤ ਢੰਗ ਨਾਲ ਸਫਲ ਬਣਾਉਣ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਬਿਆਨ ਜਾਰੀ ਕਰਦਿਆਂ ਮਿਸਲ ਸਤਲੁਜ ਪਾਰਟੀ ਦੇ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਉਮੀਦਵਾਰ ਸ. ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਸ. ਅਜੇਪਾਲ ਸਿੰਘ ਬਰਾੜ ਨੇ ਮਿਸਲ ਸਤਲੁਜ ਦੇ ਸਮੂਹ ਆਗੂਆਂ, ਵਰਕਰਾਂ ਅਤੇ ਪੰਜਾਬ ਵਾਸੀਆਂ ਨੂੰ 21 ਅਗਸਤ ਦੇ ਪੰਜਾਬ ਬੰਦ ਦੇ ਸੱਦੇ ਨੂੰ ਪੂਰੀ ਤਨਦੇਹੀ ਅਤੇ ਸ਼ਾਂਤਮਈ ਢੰਗ ਨਾਲ ਸਫਲ ਬਣਾਉਣ ਦੀ ਅਪੀਲ ਕੀਤੀ ਹੈ।
ਸ. ਚਾਹਲ ਨੇ ਕਿਹਾ ਕਿ ਮਿਸਲ ਸਤਲੁਜ ਦਾ ਮੰਨਣਾ ਹੈ ਕਿ ਆਪਣੇ ਹੱਕਾਂ ਅਤੇ ਇਨਸਾਫ਼ ਦੀਆਂ ਮੰਗਾਂ ਲਈ ਲੋਕਤੰਤਰਿਕ ਅਤੇ ਸ਼ਾਂਤਮਈ ਢੰਗ ਨਾਲ ਆਵਾਜ਼ ਬੁਲੰਦ ਕਰਨਾ ਹਰ ਇਨਸਾਫ਼ਪਸੰਦ ਨਾਗਰਿਕ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਬੰਦ ਦੌਰਾਨ ਕਿਸੇ ਵੀ ਰਾਹਗੀਰ, ਵਪਾਰੀ, ਦੁਕਾਨਦਾਰ ਜਾਂ ਆਮ ਨਾਗਰਿਕ ਨਾਲ ਪਿਆਰ, ਸਤਿਕਾਰ ਅਤੇ ਸਹਿਯੋਗ ਦੀ ਭਾਵਨਾ ਨਾਲ ਪੇਸ਼ ਆਇਆ ਜਾਵੇ ਅਤੇ ਕਿਸੇ ਨੂੰ ਵੀ ਬੇਲੋੜੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਦੱਸਿਆ ਕਿ ਪੰਜਾਬ ਬੰਦ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ। ਇਸ ਦੌਰਾਨ ਸਕੂਲ ਅਤੇ ਕਾਲਜ ਪੂਰਨ ਤੌਰ ’ਤੇ ਬੰਦ ਰਹਿਣਗੇ, ਜਦਕਿ ਹਸਪਤਾਲਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ ਅਤੇ ਆਮ ਲੋਕਾਂ ਦੀਆਂ ਜ਼ਰੂਰੀ ਲੋੜਾਂ ਦਾ ਪੂਰਾ ਧਿਆਨ ਰੱਖਿਆ ਜਾਵੇ।
ਸ. ਮਨਜੀਤ ਸਿੰਘ ਚਾਹਲ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੰਦ ਦੌਰਾਨ ਸ਼ਾਂਤੀ, ਸੰਜਮ ਅਤੇ ਭਾਈਚਾਰਕ ਸਾਂਝ ਬਣਾਈ ਰੱਖਦੇ ਹੋਏ ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਦੇ ਹੱਕ ਵਿੱਚ ਆਪਣਾ ਸਮਰਥਨ ਦਰਜ ਕਰਵਾਉਣ ਅਤੇ 21 ਅਗਸਤ ਦੇ ਪੰਜਾਬ ਬੰਦ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
- Download Babushahi App
-
-