SDM ਦੀਆਂ ਗੈਰਹਾਜ਼ਰੀਆਂ ਕਾਰਨ ਲੋਕ ਹੋ ਰਹੇ ਪਰੇਸ਼ਾਨ
ਜਿਆਦਾ ਦਿਨ ਹਾਈਕੋਰਟ ਜਾਣਾ ਪੈ ਰਿਹੈ- SDM
ਦੀਪਕ ਜੈਨ, ਜਗਰਾਉਂ
ਜਗਰਾਉਂ ਅੰਦਰ ਤਾਇਨਾਤ ਪ੍ਰਸ਼ਾਸਨਿਕ ਅਧਿਕਾਰੀ ਆਪਣੀਆਂ ਜਿੰਮੇਵਾਰੀਆਂ ਤੋ ਇਸ ਤਰਾਂ ਲਾ ਪਰਵਾਹ ਹੋਏ ਹਨ ਕਿ ਉਹ ਆਪਣੇ ਦਫਤਰਾਂ ਅੰਦਰੋਂ ਹੀ ਗੈਰ ਹਾਜ਼ਰ ਮਿਲਦੇ ਹਨ। ਉਪ ਮੰਡਲ ਮੈਜਿਸਟਰੇਟ ਬਾਦਲ ਦੀਨ ਤਾਂ ਕਈ ਦਿਨ ਤੋਂ ਆਪਣੇ ਦਫਤਰ ਹਾਜ਼ਰ ਹੀ ਨਹੀਂ ਹੋ ਰਹੇ ਜਿਸ ਕਾਰਨ ਜਨਤਾ ਨੂੰ ਆਪਣੇ ਕੰਮ ਕਰਵਾਉਣ ਲਈ ਕਾਫੀ ਪਰੇਸ਼ਾਨ ਹੋਣਾ ਪੈ ਰਿਹਾ ਹੈ। ਅੱਜ ਜਦੋਂ ਪੱਤਰਕਾਰਾਂ ਵੱਲੋਂ ਐਸਡੀਐਮ ਦਫਤਰ ਦਾ ਮੌਕਾ ਮੁਆਇਨਾ ਦੇਖਿਆ ਗਿਆ ਤਾਂ ਉਥੇ ਲੋਕ ਆਪਣੇ ਕੰਮਾਂ ਲਈ ਵੇਟਿੰਗ ਹਾਲ ਵਿੱਚ ਬੈਠੇ ਸਨ ਪਰ ਜਦੋਂ ਸਾਹਿਬ ਦੇ ਨਾਂ ਆਉਣ ਦਾ ਕਾਰਨ ਪਤਾ ਕੀਤਾ ਗਿਆ ਤਾਂ ਸਟਾਫ ਨੇ ਜਵਾਬ ਦਿੱਤਾ ਕਿ ਸਾਹਿਬ ਅੱਜ ਹਾਈਕੋਰਟ ਗਏ ਹਨ।
ਇੱਥੇ ਸਰਕਾਰ ਨੂੰ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਜੇਕਰ ਕੋਈ ਅਫਸਰ ਕਿਸੇ ਕਾਰਨ ਆਪਣੀ ਸੀਟ ਉੱਪਰ ਨਹੀਂ ਬੈਠ ਰਿਹਾ ਤਾਂ ਉਸ ਦੇ ਬਦਲੇ ਕਿਸੇ ਹੋਰ ਅਫਸਰ ਦੀ ਡਿਊਟੀ ਲਗਾਈ ਜਾਣੀ ਜਰੂਰੀ ਹੋਵੇ ਤਾਂ ਕਿ ਜਨਤਾ ਆਪਣੇ ਕੰਮ ਕਰਵਾਉਣ ਲਈ ਪਰੇਸ਼ਾਨ ਨਾ ਹੋਵੇ। ਹੁਣ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਆ ਗਈਆਂ ਹਨ ਤਾਂ ਸਰਕਾਰ ਨੂੰ ਵੀ ਅਜਿਹੇ ਅਫਸਰਾਂ ਉੱਪਰ ਨਕੇਲ ਕਸਨੀ ਚਾਹੀਦੀ ਹੈ ਜਿਹੜੇ ਆਪਣੇ ਕੰਮਾਂ ਤੋਂ ਨਜਾਇਜ਼ ਫਰਲੋ ਮਾਰ ਜਾਂਦੇ ਹਨ। ਵਰਨਾ ਇਸ ਦੇ ਚੋਣਾਂ ਸਮੇਂ ਗਲਤ ਨਤੀਜੇ ਨਿਕਲ ਸਕਦੇ ਹਨ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਉੱਚ ਅਧਿਕਾਰੀ ਜੇਕਰ ਆਪਣੇ ਦਫਤਰ ਨਹੀਂ ਪਹੁੰਚਦਾ ਅਤੇ ਉਹ ਆਪਣੇ ਨਾ ਆਉਣ ਦਾ ਕਾਰਨ ਕਿਸੇ ਮਾਨਯੋਗ ਅਦਾਲਤ ਵਿੱਚ ਤਰੀਕ ਭੁਗਤਨ ਦਾ ਵੇਰਵਾ ਦਿੰਦਾ ਹੈ ਤਾਂ ਉਸ ਦੀ ਅਦਾਲਤੀ ਹਾਜਰੀ ਨੂੰ ਵੀ ਜਨਤਕ ਕੀਤਾ ਜਾਣਾ ਜਰੂਰੀ ਹੈ।
ਇੱਥੇ ਇੱਕ ਗੱਲ ਹੋਰ ਵੀ ਧਿਆਨ ਦੇਣ ਵਾਲੀ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਰਕਾਰ ਦੀਆਂ ਸਖਤ ਹਦਾਇਤਾਂ ਹੁੰਦੀਆਂ ਹਨ ਕਿ ਉਹ ਆਪਣਾ ਅਹੁਦੇ ਵਾਲਾ ਇਲਾਕਾ ਛੱਡ ਕੇ ਨਹੀਂ ਜਾ ਸਕਦੇ ਪ੍ਰੰਤੂ ਦੇਖਣ ਵਿੱਚ ਆਇਆ ਹੈ ਕਿ ਕਈ ਪ੍ਰਸ਼ਾਸਨਿਕ ਅਧਿਕਾਰੀ ਛੁੱਟੀ ਤੋਂ ਬਾਅਦ ਜਗਰਾਉਂ ਤੋਂ 60 ਜਾਂ 70 ਕਿਲੋਮੀਟਰ ਦੂਰ ਆਪਣੀ ਨਿਜੀ ਰਿਹਾਇਸ਼ ਵਿੱਚ ਚਲੇ ਜਾਂਦੇ ਹਨ ਅਤੇ ਦੂਸਰੇ ਦਿਨ ਹੀ ਵਾਪਸ ਦਫਤਰ ਖੁੱਲਣ ਸਮੇਂ ਹਾਜ਼ਰ ਹੋ ਜਾਂਦੇ ਹਨ। ਜਦ ਕਿ ਅਜਿਹੇ ਅਫਸਰਾਂ ਦੀ ਹਾਜ਼ਰੀ ਇਲਾਕੇ ਵਿੱਚ 24 ਘੰਟੇ ਹੋਣੀ ਜਰੂਰੀ ਹੁੰਦੀ ਹੈ।
ਕੀ ਕਹਿਣਾ ਹੈ ਉਪ ਮੰਡਲ ਮਜਿਸਟਰੇਟ ਦਾ
ਜਦੋਂ ਅੱਜ ਦੀ ਗੈਰ ਹਾਜ਼ਰੀ ਬਾਰੇ ਜਗਰਾਉਂ ਮੰਡਲ ਦੇ ਉਪ ਮੰਡਲ ਮਜਿਸਟਰੇਟ ਬਾਦਲ ਦੀਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੀ ਅੱਜ ਹਾਈਕੋਰਟ ਵਿੱਚ ਪੇਸ਼ੀ ਹੋਣ ਕਾਰਨ ਉਹ ਦਫਤਰ ਨਹੀਂ ਆ ਸਕੇ ਜਦਕਿ ਉਹ ਰੋਜਾਨਾ ਟਾਈਮ ਸਿਰ ਆਪਣੇ ਦਫਤਰ ਬੈਠ ਜਾਂਦੇ ਹਨ।। ਜਦੋਂ ਉਹਨਾਂ ਨਾਲ ਸਟੇਸ਼ਨ ਲੀਵ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਂ ਕਦੇ ਵੀ ਜਗਰਾਉਂ ਤੋਂ ਬਾਹਰ ਛੁੱਟੀ ਲਿੱਤੇ ਬਗੈਰ ਨਹੀਂ ਗਿਆ ਅਤੇ ਰੋਜ਼ਾਨਾ ਹੀ ਦਫਤਰ ਤੋਂ ਬਾਅਦ ਜਗਰਾਉਂ ਵਿੱਚ ਆਪਣੀ ਰਿਹਾਇਸ਼ ਅੰਦਰ ਹੀ ਹਾਜ਼ਰ ਹੁੰਦਾ ਹਾਂ।
- Download Babushahi App
-
-