26 ਜੁਲਾਈ ਨੂੰ ਹੋਵੇਗਾ ਜਮਹੂਰੀ ਅਧਿਕਾਰ ਸਭਾ ਗੁਰਦਾਸਪੁਰ ਦਾ ਇਜਲਾਸ
ਨਰਭਿੰਦਰ ਸਿੰਘ ਹੋਣਗੇ ਸੂਬਾ ਨਿਗਰਾਨਰੋਹਿਤ ਗੁਪਤਾ
ਗੁਰਦਾਸਪੁਰ 19 ਜੁਲਾਈ ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਵਲੋਂ 26 ਜੁਲਾਈ ਨੂੰ ਸੂਬਾ ਜਥੇਬੰਦਕ ਸਕੱਤਰ ਨਰਭਿੰਦਰ ਦੀ ਨਿਗਰਾਨੀ ਹੇਠ ਜ਼ਿਲ੍ਹਾ ਇਜਲਾਸ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਜਲਾਸ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਜਮਹੂਰੀਅਤ ਵਿਰੋਧੀ ਘਟਨਾਵਾਂ ਅਤੇ ਭਵਿੱਖ ਦੇ ਕਾਰਜਾਂ ਤੇ ਚਰਚਾ ਕੀਤੀ ਜਾਵੇਗੀ। ਸਿਤੰਬਰ ਮਹੀਨੇ ਹੋ ਰਹੇ ਸੂਬਾ ਇਜਲਾਸ ਲਈ ਡੈਲੀਗੇਟ ਚੁਣੇ ਜਾਣਗੇ।ਡਾਕਟਰ ਜਗਜੀਵਨ ਲਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਅਮਰਜੀਤ ਸ਼ਾਸਤਰੀ ਜ਼ਿਲ੍ਹਾ ਸਹਾਇਕ ਸਕੱਤਰ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ
ਹਰ ਦੋ ਸਾਲਾਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਦੀ ਮੈਂਬਰਸ਼ਿਪ ਦਾ ਨਵੀਨੀਕਰਨ ਕੀਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਵਰਗਾਂ ਦੇ ਜਮਹੂਰੀਅਤ ਪਸੰਦ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅੱਜ ਦੀ ਮੀਟਿੰਗ ਵਿੱਚ ਉੱਘੇ ਚੌਗਿਰਦਾ ਤੇ ਸਮਾਜਿਕ ਕਾਰਕੁੰਨ ਸ਼੍ਰੀ ਸੋਨਮ ਵਾਂਗਚੁਕ ਦੀ ਗੈਰ ਸੰਵਿਧਾਨਕ ਗ੍ਰਿਫ਼ਤਾਰੀ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਹਾਜ਼ਰ ਮੈਂਬਰਾਂ ਨੇ ਵਾਂਗਚੁਕ ਨੂੰ ਫੌਰੀ, ਬਿਨਾਂ ਸ਼ਰਤ ਰਿਹਾਅ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਉਨ੍ਹਾਂ ਕੋਲਕਾਤਾ ਵਿਖੇ ਸ਼੍ਰੀ ਸੋਨਮ ਵਾਂਗਚੁਕ ਦੀ ਗ੍ਰਿਫਤਾਰੀ ਵਿਰੁਧ ਸ਼ਾਂਤਮਈ ਅਨਸ਼ਨ 'ਤੇ ਬੈਠੇ 'ਵਿਸ਼ਵ ਭਾਰਤੀ' ਤੇ 'ਸ਼ਾਂਤੀ ਨਿਕੇਤਨ' ਦੇ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ ਦੀ 'ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ' (ਏ.ਬੀ.ਵੀ.ਪੀ.) ਦੇ ਗੁੰਡਿਆਂ ਵਲੋਂ ਕੀਤੀ ਵਹਿਸ਼ੀਆਨਾ ਕੁੱਟਮਾਰ ਦਾ ਗੰਭੀਰ ਨੋਟਿਸ ਲੈਂਦਿਆਂ ਉਕਤ ਗੁੰਡਾਗਰਦੀ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ। ਯਾਦ ਰਹੇ ਇਸ ਗੁੰਡਾ ਕਾਰਵਾਈ ਦੌਰਾਨ ਪੁਲਸ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ ਸੀ। ਦਿੱਲੀ ਪੁਲਿਸ ਨੇ ਲੋਕਤੰਤਰ ਦਾ ਘਾਣ ਕਰਨ ਵਾਲੀ ਉਕਤ ਕਾਰਵਾਈ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਹੁਕਮਾਂ ਤਹਿਤ ਕੀਤੀ। ਕੌਮੀ ਰਾਜਧਾਨੀ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਜਾਰੀ ਸ਼ਾਂਤਮਈ ਲੋਕ ਸੰਘਰਸ਼ ਨੂੰ ਖਿੰਡਾਉਣ ਦੀ ਕੋਝੀ ਮੰਸ਼ਾ ਅਧੀਨ ਕੀਤੀ ਗਈ ਪੁਲਸੀਆ ਕਾਰਵਾਈ ਭਾਰਤੀ ਨਾਗਰਿਕਾਂ ਦੇ ਸੰਵਿਧਾਨਕ ਤੇ ਮਾਨਵੀ ਹੱਕ-ਹਕੂਕ 'ਤੇ ਸਿਰੇ ਦਾ ਭੱਦਾ ਹਮਲਾ ਹੈ। ਹਾਜ਼ਰ ਮੈਂਬਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਧੱਕੇਸ਼ਾਹੀ ਦਾ ਸੰਘ-ਭਾਜਪਾ ਅਤੇ ਮੋਦੀ ਸਰਕਾਰ ਨੂੰ ਭਾਰੀ ਸਿਆਸੀ ਮੁੱਲ ਤਾਰਨਾ ਪਵੇਗਾ। ਪੱਛਮੀ ਬੰਗਾਲ ਦੇ ਰਾਣੀ ਗੰਜ ਵਿਖੇ ਸੰਸਾਰ ਭਰ 'ਚ ਭਾਰਤ ਦਾ ਨਾਂ ਉੱਚਾ ਕਰਨ ਵਾਲੇ ਮਹਾਪੰਡਤ ਸ਼੍ਰੀ ਰਾਹੁਲ ਸੰਕਰਤਾਇਣ ਦੇ ਬੁੱਤ ਨੂੰ ਨੁਕਸਾਨ ਪੁਚਾਏ ਜਾਣ ਦੀ ਅਤਿਅੰਤ ਨਿੰਦਣਯੋਗ ਵਾਰਦਾਤ ਦੀ ਵੀ ਕਰੜੀ ਨਿੰਦਿਆ ਕੀਤੀ ਹੈ। ਭਾਰਤੀ ਤੇ ਵਿਸ਼ਵ ਦਰਸ਼ਨ ਦੇ ਮਹਾਨ ਗਿਆਤਾ ਸ਼੍ਰੀ ਰਾਹੁਲ ਸੰਕਰਤਾਇਨ ਦਾ ਬੁੱਤ ਤੋੜਨ ਵਾਲੇ ਹਿੰਦੂਤਵੀ ਖਰੂਦੀਆਂ ਤੇ ਹੋਰ ਕੱਟੜ ਪੰਥੀਆਂ ਨੂੰ ਇਹ ਸਾਫ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਮਹਾਨ ਸ਼ਖਸੀਅਤ ਦਾ ਮੁਜੱਸਮਾ ਤੋੜੇ ਜਾਣ ਨਾਲ ਉਸ ਦੇ ਵਿਚਾਰ ਨਹੀਂ ਮਰਦੇ, ਸਗੋਂ ਲੋਕ ਚੇਤਨਾ ਨੂੰ ਹੋਰ ਵੀ ਸ਼ਿੱਦਤ ਨਾਲ ਝੰਜੋੜਦੇ ਹਨ। ਇਸ ਮੌਕੇ ਹਰਭਜਨ ਸਿੰਘ ਮਾਂਗਟ, ਅਮਰਜੀਤ ਸਿੰਘ ਮਨੀ, ਕਰਨੈਲ ਸਿੰਘ ਚਿੱਟੀ, ਸੁਖਵਿੰਦਰ ਪਾਲ ਬਾਜੇਚੱਕ, ਅਮਰ ਕ੍ਰਾਂਤੀ, ਰੂਪ ਸਿੰਘ ਦੀਨਾਨਗਰ ਹਾਜ਼ਰ ਸਨ।
- Download Babushahi App
-
-