ਜਦੋਂ ਵੱਡੀਆਂ ਕੁਰਸੀਆਂ ਹਲਾਉਣੀਆਂ ਹੋਣ ਤਾਂ ਦਰੀਆਂ 'ਤੇ ਬੈਠ ਕੇ ਹੀ ਰੋਸ ਵਿਖਾਵਾ ਕਰਨਾ ਪੈਂਦਾ ਹੈ
11ਵੇਂ ਦਿਨ ਸਫਾਈ ਕਰਮਚਾਰੀਆਂ ਨੇ ਸੜਕ ਤੇ ਵਿਛਾਈਆਂ ਦਰੀਆਂ, ਟਰੈਫਿਕ ਕੀਤਾ ਜਾਮ
ਵੱਧਦੇ ਜਾ ਰਹੇ ਕੂੜਿਆਂ ਦੇ ਢੇਰ ਬਿਮਾਰੀ ਫੈਲਣ ਦਾ ਬਣਿਆ ਖਤਰਾ
ਰੋਹਿਤ ਗੁਪਤਾ
ਗੁਰਦਾਸਪੁਰ , 19 ਜੁਲਾਈ 2026 :
ਗੁਰਦਾਸਪੁਰ ਨਗਰ ਕੌਂਸਲ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਵਿੱਢਿਆ ਗਿਆ ਸੰਘਰਸ਼ ਅੱਜ 11ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ 'ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਇਹ ਹੜਤਾਲ ਹੋਰ ਤੇਜ਼ ਕੀਤੀ ਜਾਵੇਗੀ। ਅੱਜ ਸਫਾਈ ਕਰਮਚਾਰੀ ਨਗਰ ਕੌਂਸਲ ਦੀ ਹੱਦ ਵਿੱਚੋਂ ਨਿਕਲ ਕੇ ਸੜਕ ਤੇ ਆ ਗਏ ਅਤੇ ਸ਼ਹਿਰ ਵਿੱਚੋਂ ਨਿਕਲਦੇ ਜੀਟੀ ਰੋਡ ਤੇ ਦਰਿਆ ਵਿਛਾ ਕੇ ਟਰੈਫਿਕ ਜਾਮ ਕਰ ਦਿੱਤਾ। ਦੱਸ ਦਈਏ ਕਿ ਸਫਾਈ ਕਰਮਚਾਰੀਆਂ ਦੇ ਹੜਤਾਲ ਕਰਨ ਸ਼ਹਿਰ ਵਿੱਚ ਕੂੜੇ ਦੇ ਢੇਰ ਵਧਦੇ ਜਾ ਰਹੇ ਹਨ ਅਤੇ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਕੂੜੇ ਦੇ ਢੇਰਾਂ ਬਰਸਾਤ ਦੇ ਦਿਨਾਂ ਵਿੱਚ ਬਿਮਾਰੀ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ।
ਗੱਲਬਾਤ ਕਰਦਿਆ ਬਸ਼ੀਰ ਕੁਮਾਰ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੁਰਾਣੀਆਂ ਬੰਦ ਕੀਤੀਆਂ ਗਈਆਂ ਪੈਨਸ਼ਨਾਂ ਬਹਾਲ ਕਰਨ ਅਤੇ ਡੀ.ਏ. (DA) ਲਾਗੂ ਕਰਨ ਦੀ ਮੰਗ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਲੀਡਰ ਸਿਰਫ਼ ਝੂਠੇ ਵਾਅਦੇ ਕਰਕੇ ਮੁੱਕਰ ਜਾਂਦੇ ਹਨ ਅਤੇ ਹੁਣ ਕੋਈ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੇ ਚੌਕਾਂ ਵਿੱਚ ਕੂੜਾ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੰਗਾ ਰਾਮ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ।ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀਆਂ ਮਜਬੂਰੀਆਂ ਨੂੰ ਸਮਝਦੇ ਹੋਏ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।ਕਿਉਂਕਿ 10-11 ਹਜ਼ਾਰ ਰੁਪਏ ਵਿੱਚ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ।ਇਸ ਮੌਕੇ ਸਮਾਜ ਸੇਵੀ ਡਾ. ਲੋਕੇਸ਼ ਕੁਮਾਰ ਗੌਲਡੀ ਨੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰਦਿਆਂ ਕਿਹਾ ਕਿ ਸਫ਼ਾਈ ਕਰਮਚਾਰੀ ਬਹੁਤ ਮਿਹਨਤ ਨਾਲ ਸ਼ਹਿਰ ਦੀ ਸਫ਼ਾਈ ਕਰਦੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ ਤਾਂ ਜੋ ਇਹ ਆਪਣੇ ਪਰਿਵਾਰਾਂ ਨਾਲ ਸੁੱਖ-ਚੈਨ ਨਾਲ ਰਹਿ ਸਕਣ।
ਮੁਲਾਜ਼ਮਾਂ ਨੇ ਕਿਹਾ ਕਿ ਉਹ ਆਪਣੀ ਲੜਾਈ ਨੂੰ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਨਹੀਂ ਕਰਦੀ।
- Download Babushahi App
-
-