ਮੰਗਾਂ ਨਾ ਮੰਨੀਆਂ ਤਾਂ ਜਗਰਾਉਂ ਦੀਆਂ ਸੜਕਾਂ 'ਤੇ ਗੂੰਜੇਗਾ ਸਰਕਾਰ ਖ਼ਿਲਾਫ਼ ਰੋਸ਼, ਸ਼ਹਿਰ ਅੰਦਰ ਵਿਸ਼ਾਲ ਰੋਸ਼ ਪ੍ਰਦਰਸ਼ਨ ਦਾ ਐਲਾਨ
ਜਗਰਾਉਂ (ਦੀਪਕ ਜੈਨ) 13 July 2026
ਜਗਰਾਉਂ, ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਪੰਜਾਬ ਭਰ ਵਿੱਚ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਮਿਉਂਸਪਲ ਕਾਮਿਆਂ ਦੀਆਂ ਜਾਇਜ਼ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਬੇਰੁਖ਼ੀ ਦੇ ਵਿਰੋਧ ਵਿੱਚ ਹੁਣ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਸਫਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਨਗਰ ਕੌਂਸਲ ਜਗਰਾਉਂ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਤੁਰੰਤ ਮਿਉਂਸਪਲ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਜਗਰਾਉਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸ਼ਾਲ ਰੋਸ਼ ਪ੍ਰਦਰਸ਼ਨ ਅਤੇ ਰੋਸ਼ ਰੈਲੀਆਂ ਕੱਢ ਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਵਾਰ-ਵਾਰ ਭਰੋਸੇ ਤਾਂ ਦਿੰਦੀ ਰਹੀ ਹੈ, ਪਰ ਅੱਜ ਤੱਕ ਕਿਸੇ ਵੀ ਵਾਅਦੇ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਮਿਉਂਸਪਲ ਕਾਮੇ ਆਪਣੀਆਂ ਹੱਕੀ ਮੰਗਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਦਾ ਰਵੱਈਆ ਨਿਰਾਸ਼ਾਜਨਕ ਅਤੇ ਮੁਲਾਜ਼ਮ ਵਿਰੋਧੀ ਹੈ।
ਅਰੁਣ ਗਿੱਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣੀ ਹੱਠਧਰਮੀ ਨਾ ਛੱਡੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਜਗਰਾਉਂ ਦੀਆਂ ਸੜਕਾਂ ਸਰਕਾਰ ਵਿਰੋਧੀ ਨਾਅਰਿਆਂ ਨਾਲ ਗੂੰਜ ਉੱਠਣਗੀਆਂ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਹਜ਼ਾਰਾਂ ਮਿਉਂਸਪਲ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਹੱਕਾਂ ਦੀ ਲੜਾਈ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਅਧੂਰਾ ਨਹੀਂ ਛੱਡਿਆ ਜਾਵੇਗਾ।
ਯੂਨੀਅਨ ਨੇ ਸਮੂਹ ਮਿਉਂਸਪਲ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਰੋਸ਼ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਏਕਤਾ ਦਾ ਸਬੂਤ ਦੇਣ ਅਤੇ ਪੰਜਾਬ ਸਰਕਾਰ ਤੱਕ ਆਪਣੀ ਆਵਾਜ਼ ਬੁਲੰਦ ਕਰਨ।
- Download Babushahi App
-
-