ਮਾਨਸਾ ਜ਼ਿਲ੍ਹੇ ਵਿੱਚ SIR ਤਹਿਤ ਹੁਣ ਤੱਕ ਵੰਡੇ ਜਾ ਚੁੱਕੇ 65.14 ਫੀਸਦੀ ਗਣਨਾ ਫਾਰਮ : ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ
ਹਲਕਾ ਬੁਢਲਾਡਾ ਵਿੱਚ ਬੀ.ਐਲ.ਓਜ਼ ਵਲੋਂ ਸਭ ਤੋਂ ਵੱਧ 79.30% ਗਣਨਾ ਫਾਰਮਾਂ ਦੀ ਵੰਡ
ਜ਼ਿਲ੍ਹੇ ਅੰਦਰ 645 ਬੀ.ਐੱਲ.ਓਜ਼ ਪੂਰੀ ਜ਼ਿੰਮੇਵਾਰੀ ਨਾਲ ਨਿਭਾਅ ਰਹੇ ਹਨ ਆਪਣੀ ਡਿਊਟੀ
ਅਸ਼ੋਕ ਵਰਮਾ
ਮਾਨਸਾ, 27 ਜੂਨ 2026:ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਪ੍ਰਕਿਰਿਆ, ਬੀਤੀ 25 ਜੂਨ ਤੋਂ ਆਰੰਭ ਹੋ ਚੁੱਕੀ ਹੈ ਅਤੇ ਜ਼ਿਲ੍ਹਾ ਮਾਨਸਾ ਵਿਖੇ 645 ਬੀ.ਐੱਲ.ਓਜ਼ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਅ ਰਹੇ ਹਨ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਘਰ-ਘਰ ਜਾ ਕੇ ਵੋਟਰਾਂ ਨੂੰ ਗਣਨਾ ਫਾਰਮ ਦੇਣ ਅਤੇ ਫਾਰਮ ਨੂੰ ਭਰਵਾਉਣ ਦੀ ਇਹ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ ਅਤੇ ਹੁਣ ਤੱਕ ਜ਼ਿਲ੍ਹਾ ਮਾਨਸਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ 65.14 ਪ੍ਰਤੀਸ਼ਤ ਗਣਨਾ ਫਾਰਮਾਂ ਦੀ ਵੰਡ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਸਭ ਤੋਂ ਵੱਧ ਫਾਰਮ ਹਲਕਾ ਬੁਢਲਾਡਾ ਵਿਖੇ ਵੰਡੇ ਗਏ ਹਨ ਜਿਨ੍ਹਾਂ ਦੀ ਪ੍ਰਤੀਸ਼ਤਤਾ 79.30 ਬਣਦੀ ਹੈ। ਉਨ੍ਹਾਂ ਦੱਸਿਆ ਕਿ ਹਲਕਾ ਸਰਦੂਲਗੜ੍ਹ ਵਿੱਚ 69.23% ਅਤੇ ਮਾਨਸਾ ਹਲਕੇ ਵਿੱਚ 48.67% ਗਣਨਾ ਫਾਰਮਾਂ ਦੀ ਵੰਡ ਹੋ ਚੁੱਕੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਹੜੇ ਵੋਟਰਾਂ ਦੇ ਗਣਨਾ ਫਾਰਮ ਭਰੇ ਜਾਣਗੇ, ਉਨ੍ਹਾਂ ਦੇ ਨਾਮ 3 ਅਗਸਤ 2026 ਨੂੰ ਪ੍ਰਕਾਸ਼ਿਤ ਹੋਣ ਵਾਲੀ ਮੁੱਢਲੀ ਵੋਟਰ ਸੂਚੀ ਵਿੱਚ ਦਰਜ ਕੀਤੇ ਜਾਣਗੇ। ਉਨ੍ਹਾਂ ਨੇ ਜ਼ਿਲ੍ਹਾ ਮਾਨਸਾ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਖੇਤਰ ਦੇ ਬੀ.ਐੱਲ.ਓਜ਼ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਤਰਜੀਹ ਦੇ ਅਧਾਰ ਉੱਤੇ ਮੁਕੰਮਲ ਕਰਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਇਸ ਕਾਰਜ ਚ ਸਹਿਯੋਗ ਦੇਣ ਲਈ ਬੂਥ ਲੈਵਲ ਏਜੰਟ ਨਿਯੁਕਤ ਕੀਤੇ ਗਏ ਹਨ, ਜੋ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਯੋਗ ਵੋਟਰ, ਆਪਣੀ ਵੋਟ ਬਣਵਾਉਣ ਤੋਂ ਅਧਿਕਾਰ ਤੋਂ ਵਾਂਝਾ ਨਾ ਰਹੇ।
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ ਬਾਲਗ ਵਿਅਕਤੀ ਦੀ ਵੋਟ ਲਾਜ਼ਮੀ ਬਣੇ, ਕਿਸੇ ਵੀ ਯੋਗ ਵਿਅਕਤੀ ਦੀ ਵੋਟ ਕੱਟੀ ਨਾ ਜਾਵੇ ਅਤੇ ਕੋਈ ਵੀ ਅਯੋਗ ਵੋਟ, ਵੋਟਰ ਸੂਚੀ ਵਿੱਚ ਦਰਜ ਨਾ ਹੋ ਸਕੇ।
- Download Babushahi App
-
-