ਸਿਵਲ ਸਰਜਨ ਬਠਿੰਡਾ ਵੱਲੋਂ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੀ ਮੁਫ਼ਤ ਜਾਂਚ ਲਈ ਲੱਗੇ ਕੈਂਪ ਦਾ ਜਾਇਜ਼ਾ
ਅਸ਼ੋਕ ਵਰਮਾ
ਬਠਿੰਡਾ, 25 ਜੂਨ 2026:ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਵੱਲੋਂ ਜੱਚਾ ਬੱਚਾ ਹਸਪਤਾਲ ਬਠਿੰਡਾ ਵਿਖੇ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੀ ਮੁਫ਼ਤ ਜਾਂਚ ਲਈ ਲਗਾਏ ਗਏ ਦੋ ਦਿਨਾਂ ਵਿਸ਼ੇਸ਼ ਕੈਂਪ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਸਿਵਲ ਸਰਜਨ ਨੇ ਕੈਂਪ ਵਿੱਚ ਪਹੁੰਚੀਆਂ ਮਹਿਲਾਵਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੇ ਲੱਛਣਾਂ, ਬਚਾਅ ਅਤੇ ਸਮੇਂ ਸਿਰ ਜਾਂਚ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੈਂਸਰ ਦੀ ਸ਼ੁਰੂਆਤੀ ਪੜਾਅ ਵਿੱਚ ਪਛਾਣ ਹੋਣ ਨਾਲ ਇਲਾਜ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਇਸ ਲਈ ਮਹਿਲਾਵਾਂ ਨੂੰ ਕਿਸੇ ਵੀ ਲੱਛਣ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਸਮੇਂ ਸਿਰ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਇਸ ਮੌਕੇ ਕੈਂਸਰ ਸਕਰੀਨਿੰਗ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ ਕਰਨ ਅਬਰੋਲ ਨੇ ਦੱਸਿਆ ਕਿ ਦੋ ਦਿਨਾਂ ਕੈਂਪ ਦੌਰਾਨ ਮਹਿਲਾਵਾਂ ਦੀ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਸਬੰਧੀ ਮੁਫ਼ਤ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀ ਲੱਛਣਾਂ ਵਾਲੀਆਂ ਮਹਿਲਾਵਾਂ ਨੂੰ ਅਗਲੀ ਜਾਂਚ ਅਤੇ ਲੋੜ ਅਨੁਸਾਰ ਇਲਾਜ ਲਈ ਉੱਚ ਸਿਹਤ ਸੰਸਥਾਵਾਂ ਵੱਲ ਰੈਫਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਮਹਿਲਾਵਾਂ ਦੀ ਸਿਹਤ ਸੁਰੱਖਿਆ ਲਈ ਲਗਾਤਾਰ ਜਾਗਰੂਕਤਾ ਅਤੇ ਸਕ੍ਰੀਨਿੰਗ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੇ ਪਰਿਵਾਰ ਅਤੇ ਆਸ-ਪਾਸ ਦੀਆਂ ਹੋਰ ਮਹਿਲਾਵਾਂ ਨੂੰ ਵੀ ਜਾਂਚ ਕਰਵਾਉਣ ਲਈ ਪ੍ਰੇਰਿਤ ਕਰਨ।
- Download Babushahi App
-
-