ਨੌਕਰੀ ਤੋਂ ਫਾਰਗ ਏਮਜ਼ ਮੁਲਾਜ਼ਮਾਂ ਦੀਆਂ ਅਰਜ਼ੀਆਂ ਪ੍ਰਵਾਨ ਕਰਨ ਤੋਂ ਬਾਅਦ ਧਰਨਾ ਮੁਲਤਵੀ
ਅਸ਼ੋਕ ਵਰਮਾ
ਬਠਿੰਡਾ , 28 ਅਪ੍ਰੈਲ 2026 : ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ ਸਾਇੰਸ (ਏਮਜ) ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢੇ ਜਾਣ ਦੇ ਵਿਰੁੱਧ ਸੰਘਰਸ਼ ਕਮੇਟੀ ਦੇ ਵਫਦ ਨਾਲ ਗੱਲਬਾਤ ਦੌਰਾਨ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਨੌਕਰੀਆਂ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਦੀਆਂ ਅਰਜੀਆਂ ਮੁੜ ਪ੍ਰਵਾਨ ਕਰਨ ਤੋਂ ਬਾਅਦ ਸੰਘਰਸ਼ ਕਮੇਟੀ ਵੱਲੋਂ ਧਰਨਾ ਸਸਪੈਂਡ ਕਰ ਦਿੱਤਾ ਗਿਆ। ਅੱਜ ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਮਿੱਠੂ ਸਿੰਘ ਘੁੱਦਾ,ਬੀਕੇਯੂ ਆਜ਼ਾਦ ਦੇ ਜਿਲਾ ਮਾਨਸਾ ਦੇ ਪ੍ਰਧਾਨ ਜਰਨੈਲ ਸਿੰਘ ਕਿਸ਼ਨਗੜ੍ਹ ਅਤੇ ਜਨਰਲ ਸਕੱਤਰ ਜਗਦੇਵ ਸਿੰਘ ਭੈਣੀ ਬਾਘਾ,ਖੇਤ ਮਜ਼ਦੂਰ ਸਭਾ ਦੇ ਜਿਲਾ ਆਗੂ ਮੱਖਣ ਸਿੰਘ ਗੁਰੂਸਰ ਅਤੇ ਜਰਨੈਲ ਸਿੰਘ ਯਾਤਰੀ ਨੇ ਸੰਬੋਧਨ ਕੀਤਾ।
ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ ਏਮਜ ਹਸਪਤਾਲ ਦੇ ਪ੍ਰਸ਼ਾਸਨ ਦੀ ਸ਼ਹਿ ਤੇ ਹਸਪਤਾਲ ਵਿੱਚ ਪ੍ਰਾਈਵੇਟ ਠੇਕੇਦਾਰ ਸੁਰੱਖਿਆ ਕਰਮੀਆਂ ਅਤੇ ਸਫਾਈ ਸੇਵਕਾਂ ਦੀ ਭਰਤੀ ਵਿੱਚ ਭਾਰੀ ਬੇਨਿਯਮੀਆਂ ਅਤੇ ਮਨਮਾਨੀਆਂ ਕਰ ਰਹੇ ਹਨ।ਉਹ ਵੱਡੀ ਪੱਧਰ ਤੇ ਰਿਸ਼ਵਤਾਂ ਲੈ ਕੇ ਵਰਕਰ ਭਰਤੀ ਕਰਦੇ ਹਨ ਅਤੇ ਸੇਵਾ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੀ ਮਨ ਮਰਜ਼ੀ ਨਾਲ ਵਰਕਰਾਂ ਨੂੰ ਹਟਾ ਦਿੰਦੇ ਹਨ।ਉਹ ਕਾਨੂੰਨ ਨੂੰ ਟਿੱਚ ਜਾਣਦੇ ਹਨ ਅਤੇ ਕਿਸੇ ਤਰ੍ਹਾਂ ਦੀ ਸੰਵਿਧਾਨਿਕ ਜਾਂ ਕਾਨੂੰਨੀ ਕਾਰਵਾਈ ਦੀ ਕੋਈ ਪਰਵਾਹ ਨਹੀਂ ਕਰਦੇ। ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਾਈਵੇਟ ਠੇਕੇਦਾਰ ਇਸ ਠੇਕੇਦਾਰੀ ਪ੍ਰਬੰਧ ਵਿੱਚ ਵਰਕਰਾਂ ਦੀ ਭਾਰੀ ਲੁੱਟ ਕਰਦੇ ਹਨ। ਆਗੂਆਂ ਨੇ ਮੰਗ ਕੀਤੀ ਕਿ ਲੇਬਰ ਕਮਿਸ਼ਨ ਪੰਜਾਬ ਅਤੇ ਲੇਬਰ ਕਮਿਸ਼ਨ ਭਾਰਤ ਇਸ ਠੇਕੇਦਾਰੀ ਪ੍ਰਬੰਧ ਵਿੱਚ ਮਜ਼ਦੂਰਾਂ ਦੀ ਹੋ ਰਹੀ ਭਾਰੀ ਲੁੱਟ ਵੱਲ ਧਿਆਨ ਦੇਵੇ ਅਤੇ ਰੋਕਣ ਲਈ ਠੇਕੇਦਾਰਾਂ ਉੱਪਰ ਸਖਤ ਕਾਨੂੰਨੀ ਕਾਰਵਾਈ ਕਰੇ।
ਇੱਥੇ ਵਰਨਣ ਯੋਗ ਹੈ ਕਿ ਉਪਰੋਕਤ ਜਥੇਬੰਦੀਆਂ ਦੀ ਅਗਵਾਈ ਵਿੱਚ ਬਣੀ ਸੰਘਰਸ਼ ਕਮੇਟੀ ਵੱਲੋਂ ਨੌਕਰੀਆਂ ਤੋਂ ਕੱਢੇ ਗਏ ਵਰਕਰਾਂ ਨੂੰ ਮੁੜ ਬਹਾਲ ਕਰਾਉਣ ਲਈ ਏਮਜ ਹਸਪਤਾਲ ਦੇ ਗੇਟ ਅੱਗ ਪਿਛਲੇ ਕਈ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ। ਅੱਜ ਧਰਨੇ ਤੋਂ ਬਾਅਦ ਡਿਪਟੀ ਕਮਿਸ਼ਨਰ ਬਠਿੰਡਾ ਦੀ ਤਰਫੋਂ ਐਸਡੀਐਮ ਬਲਕਰਨ ਸਿੰਘ ਮਾਹਲ ਨਾਲ ਗੱਲਬਾਤ ਹੋਈ ਅਤੇ ਕੱਢੇ ਹੋਏ ਵਰਕਰਾਂ ਦੀਆਂ ਅਰਜ਼ੀਆਂ ਪ੍ਰਵਾਨ ਕਰ ਲਈਆਂ ਗਈਆਂ ਅਤੇ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਹਨਾਂ ਵਰਕਰਾਂ ਨੂੰ ਜਲਦ ਨੌਕਰੀ ਤੇ ਬਹਾਲ ਕਰਵਾ ਦਿੱਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਸੰਘਰਸ਼ ਕਮੇਟੀ ਵੱਲੋਂ ਧਰਨਾ ਸਸਪੈਂਡ ਕਰ ਦਿੱਤਾ ਗਿਆ ਅਤੇ ਸੰਘਰਸ਼ ਕਮੇਟੀ ਵੱਲੋਂ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਜੇਕਰ ਪ੍ਰਸ਼ਾਸਨ ਆਪਣਾ ਵਾਅਦਾ ਪੂਰਾ ਨਹੀਂ ਕਰੇਗਾ ਤਾਂ ਮੁੜ ਤੋਂ ਧਰਨਾ ਫਿਰ ਚਾਲੂ ਕਰ ਦਿੱਤਾ ਜਾਵੇਗਾ ਅਤੇ ਮੁਲਾਜ਼ਮਾਂ ਦੀ ਬਹਾਲੀ ਤੱਕ ਜਾਰੀ ਰਹੇਗਾ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਕੁੱਬੇ, ਰਜਿੰਦਰ ਸਿੰਘ ਸੰਦੋਹਾ,ਉਮਰ ਦੀਨ ਜੱਸੀ, ਵੀਰਪਾਲ ਕੌਰ ਅਤੇ ਗੁਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
Click to Follow Babushahi Facebook page →