ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਵੱਲੋਂ ਕੱਲ ਮਨਾਇਆ ਜਾਵੇਗਾ ਗਦਰ ਪਾਰਟੀ ਦਾ ਸਥਾਪਨਾ ਦਿਵਸ
ਦਲਜੀਤ ਕੌਰ
ਸੰਗਰੂਰ, 20 ਅਪ੍ਰੈਲ, 2026: ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਗਦਰ ਲਹਿਰ ਦੀ ਵਿਚਾਰਧਾਰਾ ਅਤੇ ਉਸਦੇ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਵਾਸਤੇ 21 ਅਪ੍ਰੈਲ ਨੂੰ ਤੇਜਾ ਸਿੰਘ ਸੁਤੰਤਰ ਭਵਨ ਸੰਗਰੂਰ ਵਿਖੇ ਗਦਰ ਪਾਰਟੀ ਦਾ ਸਥਾਪਨਾ ਦਿਵਸ ਦੁਪਹਿਰ ਢਾਈ ਵਜੇ ਮਨਾਇਆ ਜਾਵੇਗਾ ।
ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਦੱਸਿਆ ਕਿ ਗਦਰ ਪਾਰਟੀ ਦੀ ਸਥਾਪਨਾ 21 ਅਪ੍ਰੈਲ 1913 ਨੂੰ ਅਮਰੀਕਾ ਵਿੱਚ ਹੋਈ ਜਦੋਂ ਬਹੁਤ ਸਾਰੇ ਪੰਜਾਬੀ ਉਧਰ ਰੁਜ਼ਗਾਰ ਦੀ ਭਾਲ ਲਈ ਗਏ ਸੀ ਉਥੇ ਦੀਆਂ ਔਖੀਆਂ ਹਾਲਤਾਂ, ਉਹਨਾਂ ਨਾਲ ਹੁੰਦੇ ਨਸਲੀ ਵਿਤਕਰੇ ਨੂੰ ਦੇਖਦੇ ਹੋਏ ਉਹਨਾਂ ਨੂੰ ਲੱਗਿਆ ਕਿ ਸਾਡਾ ਕੋਈ ਦੇਸ਼ ਨਹੀਂ ਤਾਂ ਉਹਨਾਂ ਨੇ ਮਿਲ ਬੈਠ ਇੱਕ ਕਮੇਟੀ ਬਣਾਈ ਜਿਹੜੀ ਬਾਅਦ ਦੇ ਵਿੱਚ ਗਦਰ ਪਾਰਟੀ ਦੇ ਨਾਂ ਤੇ ਮਸ਼ਹੂਰ ਹੋਈ। ਉਸ ਕਮੇਟੀ ਨੇ ਮਿਲ ਬੈਠ ਫੈਸਲਾ ਕੀਤਾ ਕਿ ਸਾਨੂੰ ਭਾਰਤ ਜਾ ਕੇ ਹਥਿਆਰਬੰਦ ਇਨਕਲਾਬ ਨਾਲ ਅੰਗਰੇਜ਼ਾਂ ਨੂੰ ਹਿੰਦੋਸਤਾਨ ਵਿਚੋਂ ਬਾਹਰ ਕੱਢਣਾ ਚਾਹੀਦਾ।
ਮੰਚ ਦੇ ਸੂਬਾ ਜਨਰਲ ਸਕੱਤਰ ਤੇ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਕਿਹਾ ਕਿ ਗਦਰ ਪਾਰਟੀ ਨੇ ਆਪਣਾ ਅਖ਼ਬਾਰ ਤੇ ਹੋਰ ਸਾਹਿਤ ਵੀ ਕੱਢਿਆ।ਗ਼ਦਰ ਅਖਬਾਰ ਨੂੰ ਦੁਨੀਆ ਭਰ ਦੇ ਵਿੱਚ ਵੰਡਿਆ। ਆਪਣੇ ਅਖਬਾਰ ਦੇ ਵਿੱਚ ਉਹਨਾਂ ਨੇ ਅੰਗਰੇਜ਼ਾਂ ਵੱਲੋਂ ਕੀਤੀ ਜਾਂਦੀ ਹਿੰਦੁਸਤਾਨੀਆਂ ਦੀ ਲੁੱਟ ਦਾ ਜ਼ਿਕਰ ਕੀਤਾ ਤੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਤੁਹਾਡੀ ਗੁਲਾਮੀ ਦਾ ਅੰਤ ਹੋ ਸਕਦਾ ਹੈ। ਗਦਰ ਪਾਰਟੀ ਦੇ ਸੱਦੇ ਤੇ ਹਜ਼ਾਰਾਂ ਹਿੰਦੁਸਤਾਨੀ ਦੁਨੀਆਂ ਭਰ ਦੇ ਅੱਡ ਅੱਡ ਮੁਲਕਾਂ ਤੋਂ ਆਪਣੇ ਮੁਲਕ ਵਾਪਸ ਆਏ ਤੇ ਇੱਥੇ ਇਹਨਾਂ ਨੇ ਹਥਿਆਰ ਚੱਕ ਕੇ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਕੀਤਾ ਜਿਸ ਵਿੱਚ ਅੰਗਰੇਜ਼ਾਂ ਵੱਲੋਂ ਬਹੁਤ ਸਾਰੇ ਗਦਰੀਆਂ ਨੂੰ ਫੜ ਲਿਆ ਗਿਆ ਤੇ ਕੁਛ ਮੁਖਬਰਾਂ ਕਰਕੇ ਗ਼ਦਰ ਲਹਿਰ ਫੇਲ ਹੋ ਗਈ। ਮੰਚ ਆਗੂ ਲਾਭ ਛਾਜਲਾ ਨੇ ਕਿਹਾ ਕਿ ਗ਼ਦਰ ਲਹਿਰ ਦੇ ਵਿੱਚ ਸੈਂਕੜਿਆਂ ਮੈਂਬਰਾਂ ਨੂੰ ਅੰਗਰੇਜ਼ਾਂ ਨੇ ਫਾਂਸੀਆਂ ਦਿੱਤੀਆਂ ਕਾਲੇ ਪਾਣੀ ਭੇਜਿਆ, ਤਸੀਹੇ ਦਿੱਤੇ।
ਮੰਚ ਦੇ ਆਗੂਆਂ ਨੇ ਜਮਹੂਰੀ ਸੰਸਥਾਵਾਂ ਤੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਤਾਂ ਜੋ ਆਪਾਂ ਗਦਰ ਲਹਿਰ ਦੀ ਇਸ ਮਹੱਤਤਾ ਤੇ ਚਰਚਾ ਕਰੀਏ ਤੇ ਲੋਕਾਂ ਨੂੰ ਪਤਾ ਲੱਗੇ ਕਿ ਗਦਰ ਲਹਿਰ ਦੀ ਅੱਜ ਦੇ ਸਮੇਂ ਦੇ ਵਿੱਚ ਕੀ ਸਾਰਥਕਤਾ ਹੈ।
Click to Follow Babushahi Facebook page →