ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਐੱਸ ਡੀ ਕਾਲਜ ਦੇ ਵਿਦਿਆਰਥੀਆਂ ਨੂੰ ਨਵੀਂ ਕੰਪਿਊਟਰ ਲੈਬ ਸਮਰਪਿਤ ਕੀਤੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 03 ਅਪ੍ਰੈਲ, 2026
ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਸਿੱਖਿਆ ਦੇ ਵਿਕਾਸ ਲਈ ਆਪਣੀ ਕੋਸ਼ਿਸ਼ਾਂ ਨੂੰ ਜਾਰੀ ਰਖਦੇ ਹੋਏ, ਅੱਜ ਗੋਸਵਾਮੀ ਗਣੇਸ਼ ਦੱਤ ਸਨਾਤਨ ਧਰਮ ਕਾਲਜ, ਸੈਕਟਰ 32 ਵਿਖੇ ਸਥਾਪਿਤ ਕੰਪਿਊਟਰ ਲੈਬ ਨੂੰ ਵਿਦਿਆਰਥੀਆ ਨੂੰ ਸਮਰਪਿਤ ਕੀਤਾ ਗਿਆ, ਜਿਸ ਲਈ ਸੰਸਦ ਮੈਬਰ ਵਲੋਂ ਆਪਣੇ ਅਖਤਿਆਰੀ ਕੋਟੇ ਵਿਚੋਂ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ।
ਇਸ ਮੌਕੇ ਬੋਲਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਬੇਹਤਰੀਨ ਸਿੱਖਿਆ ਹਾਸਿਲ ਕਰਨਾ ਹਰ ਕਿਸੇ ਦਾ ਹੱਕ ਹੈ ਅਤੇ ਇੱਕ ਪੜ੍ਹਿਆ-ਲਿਖਿਆ ਵਿਅਕਤੀ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਜਿੰਮੇਵਾਰੀਆਂ ਨੂੰ ਹੋਰ ਬਿਹਤਰ ਤਰੀਕ਼ੇ ਨਾਲ ਨਿਭਾਅ ਸਕਦਾ ਹੈ। ਇਸ ਲਈ ਉਨ੍ਹਾਂ ਵੱਲੋਂ ਸਮੇਂ-ਸਮੇਂ ਸਿਰ ਵੱਖ-ਵੱਖ ਸਿੱਖਿਅਕ ਸੰਸਥਾਵਾਂ ਨੂੰ ਆਪਣੇ ਅਖਤਿਆਰੀ ਕੋਟੇ ਵਿਚੋਂ ਫੰਡ ਜਾਰੀ ਕਰਦੇ ਰਹਿੰਦੇ ਹਨ। ਐੱਸ ਡੀ ਕਾਲਜ ਵਾਸਤੇ ਉਨ੍ਹਾਂ ਨੇ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ, ਜਿਸ ਨਾਲ ਕੰਪਿਊਟਰ ਲੈਬ ਸਥਾਪਿਤ ਕੀਤੀ ਗਈ ਹੈ।
ਇਸ ਮੌਕੇ ਕਾਲਜ ਪ੍ਰਬੰਧਕਾਂ ਵੱਲੋਂ ਫੰਡ ਜਾਰੀ ਕਰਨ ਵਾਸਤੇ ਸੰਸਦ ਮੈਂਬਰ ਤਿਵਾੜੀ ਦਾ ਧੰਨਵਾਦ ਪ੍ਰਗਟਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਜੇ ਸ਼ਰਮਾ ਨੇ ਕਾਲਜ ਵਿੱਚ ਚੱਲ ਰਹੇ ਵੱਖ-ਵੱਖ ਖੋਜ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ।ਜਿੱਥੇ ਹੋਰਨਾਂ ਤੋਂ ਇਲਾਵਾ, ਕਾਲਜ ਸੋਸਾਇਟੀ ਦੇ ਜਤਿੰਦਰ ਭਾਟੀਆ, ਡਾ. ਪੀ.ਕੇ. ਬਜਾਜ, ਡਾ. ਐਸ.ਕੇ. ਸ਼ਰਮਾ, ਡਾ. ਐਸ.ਸੀ. ਵੈਦਿਆ ਵੀ ਮੌਜੂਦ ਰਹੇ।
Click to Follow Babushahi Facebook page →