ਮੁੱਖ ਮੰਤਰੀ ਦੀ ਇਕ ਝਾੜ ਪੈਣ ’ਤੇ ਰਾਜਾ ਵੜਿੰਗ ਨੇ ਡਾ. ਗਗਨਦੀਪ ਰੰਧਾਵਾ ਦੀ ਮੌਤ ਦੀ CBI ਜਾਂਚ ਦੇ ਪਾਰਟੀ ਦੇ ਸਟੈਂਡ ਨੂੰ ਬਦਲਿਆ: ਸੁਖਬੀਰ ਬਾਦਲ
ਕਿਹਾ ਕਿ ਮੁੱਖ ਮੰਤਰੀ ਵੱਲੋਂ ਰਾਜਾ ਵੜਿੰਗ ਤੇ ਉਹਨਾਂ ਦਾ ਸਾਲਾ ਜਿਹਨਾਂ ਫਰੀਦਕੋਟ ਦੇ ਵਪਾਰੀ ਨੂੰ ਖੁਦਕੁਸ਼ੀ ਵਾਸਤੇ ਮਜਬੂਰ ਕੀਤਾ, ਦਾ ਕੇਸ ਵੀ ਸੀ ਬੀ ਆਈ ਜਾਂਚ ਵਾਸਤੇ ਨਾ ਭੇਜਣ ਦਾ ਬਿਆਨ ਦੇਣ ਦੀ ਦੇਰ ਸੀ ਕਿ ਰਾਜਾ ਵੜਿੰਗ ਪਲਟੀ ਮਾਰ ਗਏ
ਅਮਲੋਹ ਵਿਚ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ, ਕਿਹਾ ਕਿ ਪੰਜਾਬ ਨੂੰ ਅਜਿਹੀ ਪਾਰਟੀ ਤੇ ਮੁੱਖ ਮੰਤਰੀ ਚਾਹੀਦਾ ਜੋ ਸ਼ਾਂਤੀ ਤੇ ਵਿਕਾਸ ਦਾ ਦੌਰ ਵਾਪਸ ਲਿਆਵੇ
ਅਮਲੋਹ, 25 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਨੂੰ ਪੁਰਾਣੇ ਕੇਸ ਦੇ ਗੜ੍ਹੇ ਮੁਰਦੇ ਉਭਰਨ ਦਾ ਇੰਨਾ ਡਰ ਸੀ ਕਿ ਉਹਨਾਂ ਵੇਅਰ ਹਾਊਸ ਅਫਸਰ ਡਾ. ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੀ ਸੀ ਬੀ ਆਈ ਜਾਂਚ ਦੀ ਪਾਰਟੀ ਦੀ ਮੰਗ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਝਾੜ ਮਗਰੋਂ ਹੀ ਸਟੈਂਡ ਬਦਲ ਦਿੱਤਾ।
ਅਕਾਲੀ ਦਲ ਦੇ ਪ੍ਰਧਾਨ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਨਾਲ ਮਿਲ ਕੇ ਪੰਜਾਬ ਬਚਾਓ ਮੁਹਿੰਮ ਤਹਿਤ ਇਥੇ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਸਰਦਾਰ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਸਾਰੇ ਕਾਂਗਰਸ ਐਮ ਪੀਜ਼ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਤੀ ਬੇਨਤੀ ਕੀਤੀ ਕਿ ਡਾ. ਰੰਧਾਵਾ ਦੀ ਮੌਤ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ ਪਰ ਰਾਜਾ ਵੜਿੰਗ ਨੇ ਉਹਨਾਂ ਦੇ ਸਟੈਂਡ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਉਹਨਾਂ ਕਿਹਾ ਕਿ ਰਾਜਾ ਵੜਿੰਗ ਨੂੰ ਪੱਬਾਂ ਭਾਰ ਕਰਾਉਣ ਵਾਸਤੇ ਮੁੱਖ ਮੰਤਰੀ ਨੂੰ ਸਿਰਫ ਇਕ ਹੀ ਬਿਆਨ ਦੇਣਾ ਪਿਆ ਕਿ ਕਿ ਵੜਿੰਗ ਤੇ ਉਹਨਾਂ ਦੇ ਸਾਲੇ ਡਿੰਪੀ ਵਿਨਾਇਕ ਜਿਹਨਾਂ ਫਰੀਦਕੋਟ ਦੇ ਵਪਾਰੀ ਨੂੰ ਖੁਦਕੁਸ਼ੀ ਵਾਸਤੇ ਮਜਬੂਰ ਕੀਤਾ, ਦਾ ਕੇਸ ਵੀ ਸੀ ਬੀ ਆਈ ਜਾਂਚ ਵਾਸਤੇ ਨਹੀਂ ਭੇਜਿਆ ਗਿਆ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਭਗਵੰਤ ਮਾਨ ਹਮੇਸ਼ਾ ਇਕ ਫਾਈਲ ਵਿਖਾਉਂਦੇ ਰਹਿੰਦੇ ਹਨ ਕਿ ਉਹਨਾਂ ਕੋਲ 2021-22 ਵਿਚ ਟਰਾਂਸਪੋਰਟ ਮੰਤਰੀ ਹੁੰਦਿਆਂ ਰਾਜਾ ਵੜਿੰਗ ਵੱਲੋਂ 814 ਬੱਸਾਂ ਦੀਆਂ ਬਾਡੀਆਂ ਪੰਜਾਬ ਵਿਚ ਸਸਤੀਆਂ ਲੱਗਣ ਦੇ ਬਾਵਜੂਦ ਰਾਜਸਥਾਨ ਤੋਂ ਲਗਵਾਉਣ ਦੇ ਮਾਮਲੇ ਵਿਚ 100 ਕਰੋੜ ਰੁਪਏ ਦੇ ਕੀਤੇ ਘੁਟਾਲੇ ਦੀ ਫਾਈਲ ਮੌਜੂਦ ਹੈ। ਉਹਨਾਂ ਕਿਹਾ ਕਿ ਹੁਣ ਸੰਵੇਦਨਸ਼ੀਲ ਮਾਮਲੇ ’ਤੇ ਪੂਰੀ ਤਰ੍ਹਾਂ ਝੁਕ ਕੇ ਰਾਜਾ ਵੜਿੰਗ ਨੇ ਸਾਬਤ ਕਰ ਦਿੱਤਾ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਹੋਣ ਦੇ ਕਾਬਲ ਹੀ ਨਹੀਂ ਹਨ ਅਤੇ ਉਹ ਸਿਰਫ ਪਾਰਟੀ ਨੂੰ ਬਰਬਾਦ ਕਰ ਕੇ ਛੱਡਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਅਜਿਹੀ ਪਾਰਟੀ ਅਤੇ ਮੁੱਖ ਮੰਤਰੀ ਦੀ ਜ਼ਰੂਰਤ ਹੈ ਜੋ ਸੂਬੇ ਨੂੰ ਸ਼ਾਂਤੀ ਤੇ ਤਰੱਕੀ ਦੇ ਯੁੱਗ ਵਿਚ ਲੈ ਜਾਵੇ। ਉਹਨਾਂ ਕਿਹਾ ਕਿ ਤੁਸੀਂ ਵੇਖਿਆ ਹੈ ਕਿ ਕਿਵੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕੀਤਾ ਹੈ। ਇਸ ਲਈ ਹੁਣ ਹੋਰ ਤਜ਼ਰਬੇ ਕਰਨੇ ਬੰਦ ਕਰੋ ਅਤੇ ਆਪਣੀ ਖੇਤਰੀ ਪਾਰਟੀ ਤੇ ਇਸਦੀ ਲੀਡਰਸ਼ਿਪ ’ਤੇ ਭਰੋਸਾ ਕਰੋ ਤਾਂ ਜੋ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਰਾਹ ’ਤੇ ਮੁੜ ਪਾਇਆ ਜਾ ਸਕੇ।
ਉਹਨਾਂ ਦੱਸਿਆ ਕਿ ਕਿਵੇਂ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਕਿਸਾਨਾਂ, ਵਪਾਰੀਆਂ ਤੇ ਗਰੀਬਾਂ ਵਾਸਤੇ ਬਹੁਤ ਕੁਝ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਮੁਫਤ ਬਿਜਲੀ ਸਹੂਲਤ ਦਿੱਤੀ ਤੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹੀ ਬੁਢਾਪਾ ਪੈਨਸ਼ਨਸ਼ੁਰੂ ਕੀਤੀ ਅਤੇ ਆਟਾ ਦਾਲ, ਸ਼ਗਨ ਤੇ ਐਸ ਸੀ ਸਕਾਲਰਸ਼ਿਪ ਵਰਗੀਆਂ ਨਿਵੇਕਲੀਆਂ ਸਕੀਮਾਂ ਸ਼ੁਰੂ ਕੀਤੀਆਂ। ਉਹਨਾਂ ਕਿਹਾ ਕਿ ਹੁਣ ਆਪ ਸਰਕਾਰ ਦੇ ਰਾਜ ਵਿਚ ਇਹਨਾਂ ਸਕੀਮਾਂ ਦਾ ਬੁਰਾ ਹਾਲ ਹੈ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਭਾਵੇਂ ਉਹ ਮੂੰਗੀ ਦੀ ਦਾਲ ਦੀ ਖਰੀਦ ਹੋਵੇ ਹਾਲਾਂਕਿ ਇਸ ਬਾਰੇ ਅਧਿਕਾਰਤ ਐਲਾਨ ਕੀਤੇ ਗਏ ਸਨ ਤੇ ਪਿਛਲੇ ਸਾਲ ਆਏ ਹੜ੍ਹਾਂ ਦਾ ਕੋਈ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਆਪ ਸਰਕਾਰ ਇਸ ਵੇਲੇ ਮੰਦੇ ਭਾਅ ਆਲੂ ਵੇਚਣ ਵਾਸਤੇ ਮਜਬੂਰ ਹੋਏ ਕਿਸਾਨਾਂ ਦੀ ਮਦਦ ਵਾਸਤੇ ਵੀ ਕੱਖ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਮੈਂ ਕਿਸਾਨਾਂ ਨੂੰ ਭਰੋਸਾ ਦੁਆਉਂਦਾ ਹਾਂ ਕਿ ਅਸੀਂ ਸਰਕਾਰੀ ਏਜੰਸੀਆਂ ਨੂੰ ਹਦਾਇਤ ਕਰਾਂਗੇ ਕਿ ਉਹ ਤੁਰੰਤ ਦਖਲ ਦੇਣ ਅਤੇ ਮੰਦੇ ਭਾਅ ਵਿਕਣ ਵਾਲੀਆਂ ਸਾਰੀਆਂ ਜਿਣਸਾਂ ਦੀ ਖਰੀਦ ਆਪ ਕਰਨ।
ਪੰਜਾਬ ਦੇ ਭਵਿੱਖ ਲਈ ਆਪਣੀ ਯੋਜਨਾ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਉਹ ਉਦਯੋਗਿਕ ਤੇ ਸੀਵਰੇਜ ਦਾ ਇਕ ਬੂੰਦ ਪਾਣੀ ਵੀ ਸਤਲੁਜ ਤੇ ਬਿਆਸ ਵਿਚ ਨਹੀਂ ਪੈਣ ਦੇਣਗੇ। ਉਹਨਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਮਾਲਵਾ ਪੱਟੀ ਵਿਚ ਕੈਂਸਰ ਨੂੰ ਨਕੇਲ ਪਾਉਣ ਵਾਸਤੇ ਅਜਿਹਾ ਕਰਨਾ ਜ਼ਰੂਰੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮੋਟਰ ਸਾਈਕਲਾਂ ਨੂੰ ਰੋਡ ਟੈਕਸ ਤੋਂ ਛੋਟ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ 10 ਲੱਖ ਰੁਪਏ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ ਅਤੇ ਆਟਾ ਦਾਲ ਸਕੀਮ ਦਾ ਵਿਸਥਾਰ ਕੀਤਾ ਜਾਵੇਗਾ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਨਹੀਂ ਹਨ, ਉਹਨਾਂ ਨੂੰ ਟਿਊਬਵੈਲ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਸਾਂਝੀਆਂ ਜ਼ਮੀਨਾਂ ਦੀ ਤਕਸੀਮ ਮੁਫਤ ਕਰਵਾਈ ਜਾਵੇਗੀ ਅਤੇ ਵਪਾਰੀਆਂ ਨੂੰ ਆਪ ਸਰਕਾਰ ਦੇ ਟੈਕਸ ਅਤਿਵਾਦ ਤੋਂ ਰਾਹਤ ਦੁਆਉਣ ਵਾਸਤੇ ਰਾਹਤ ਨਾਂ ਦੀ ਇਕ ਨੁਕਾਤੀ ਟੈਕਸ ਸਕੀਮ ਸ਼ੁਰੂ ਕੀਤੀ ਜਾਵੇਗੀ।
Click to Follow Babushahi Facebook page →