ਵਿਸ਼ਵ ਤਪਦਿਕ ਦਿਵਸ ਮੌਕੇ 100 ਦਿਨ ਦੇ ਟੀ.ਬੀ ਮੁਕਤ ਅਭਿਆਨ ਦੀ ਬਠਿੰਡਾ ਵਿੱਚ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 25 ਮਾਰਚ 2026 :ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਤੀ 24 ਮਾਰਚ ਤੋਂ 100 ਦਿਨ ਦੀ ਰਾਸ਼ਟਰੀ ਤਪਦਿਕ ਖਾਤਮਾ ਪ੍ਰੋਗਰਾਮ ਤਹਿਤ ਟੀ.ਬੀ ਮੁਕਤ ਮੁਹਿੰਮ ਦੀ ਐਮ.ਐਲ.ਏ,ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਸ਼ੁਰੂਆਤ ਕੀਤੀ ਜੋ 24 ਮਾਰਚ 2026 ਤੋ ਲਗਾਤਾਰ 100 ਦਿਨ ਚੱਲੇਗੀ । ਉਹਨਾਂ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ ।
ਇਸ ਮੌਕੇ ਸਿਵਲ ਸਰਜਨ, ਡਾਕਟਰ ਤਪਿੰਦਰਜੋਤ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡਾਂ, ਸਲੱਮ ਏਰੀਆ ,ਹਾਈ ਰਿਸਕ ਏਰੀਆ/ ਝੂੱਗੀ ਝੋਪੜੀ ਆਦਿ ਏਰੀਏ ਵਿੱਚ ਰਹਿੰਦੀ ਆਬਾਦੀ ਦਾ ਸਰਵੇ ਕਰਕੇ ਟੀ.ਬੀ ਦੇ ਮਰੀਜਾਂ ਦੀ ਪਹਿਚਾਣ ਕੀਤੀ ਜਾਵੇਗੀ ਤਾਂ ਜੋ ਸਮਾਂ ਰਹਿੰਦੇ ਹੀ ਟੀ.ਬੀ. ਵਰਗੀ ਨਾਮੁਰਾਦ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ ਅਤੇ ਪੰਜਾਬ ਨੂੰ ਟੀ.ਬੀ.ਮੁਕਤ ਰਾਜ ਬਣਾਇਆ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਟੀ ਬੀ ਅਫਸਰ,ਬਠਿੰਡਾ ਡਾਕਟਰ ਰੋਜੀ ਅਗਰਵਾਲ ਨੇ ਅਪੀਲ ਕੀਤੀ ਕਿ ਇਸ ਮੁਹਿੰਮ ਦੋਰਾਨ ਜ਼ਿਲੇ ਵਿਚ ਜੋਂ 60 ਸਾਲ ਤੋਂ ਵੱਧ ਉਮਰ ਦੇ ਲੋਕ, ਸ਼ੂਗਰ ਦੇ ਮਰੀਜ਼, ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਆਦੀ, ਪਹਿਲਾਂ ਦਵਾਈ ਖਾ ਚੁੱਕੇ ਟੀ ਬੀ ਦੇ ਮਰੀਜ਼, ਜੋਂ ਮਰੀਜ਼ ਟੀ ਬੀ ਦੀ ਦਵਾਈ ਖਾ ਰਹੇ ਹਨ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਾਂ ਹੋਰ ਵੀ ਕੋਈ ਜਿਸ ਨੂੰ ਦੋ ਹਫ਼ਤੇ ਦੀ ਖਾਂਸੀ, ਬੁਖਾਰ,ਬਲਗਮ ਵਿਚ ਖੂਨ, ਵਜ਼ਨ ਘਟਣਾ ਆਦਿ ਹਨ ਉਹ ਅਪਣੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਚ ਜਾ ਕੇ ਸਕਰੀਨਿੰਗ ਜ਼ਰੂਰ ਕਰਵਾਉਣ। ਉਹਨਾਂ ਅੱਗੇ ਦੱਸਿਆ ਕਿ ਟੀ.ਬੀ. ਮਰੀਜ਼ਾਂ ਨੂੰ ਨਿਕਸ਼ੇ ਪੋਸ਼ਣ ਯੋਜਨਾ ਤਹਿਤ ਪ੍ਰਤੀ ਮਹੀਨਾ ਪੋਸ਼ਣ ਭੱਤਾ ਦਿੱਤਾ ਜਾਂਦਾ ਹੈ ਅਤੇ ਨਿਕਸ਼ੇ ਕਿੱਟ ਵੀ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਨਾਲ ਮਰੀਜ਼ ਦੀ ਸਿਹਤ ਵਿੱਚ ਸੁਧਾਰ ਆਉਂਦਾ ਹੈ।
ਉਹਨਾਂ ਦੱਸਿਆ ਕਿ ਸਾਰੇ ਮਰੀਜ਼ਾਂ ਦਾ ਡਾਟਾ ਨਿਕਸ਼ੇ ਪੋਰਟਲ ਤੇ ਦਰਜ ਕੀਤਾ ਜਾਂਦਾ ਹੈ ਤਾਂ ਜੋ ਇਲਾਜ ਦੀ ਨਿਗਰਾਨੀ ਕੀਤੀ ਜਾ ਸਕੇ।ਇਸ ਮੁਹਿੰਮ ਦੌਰਾਨ ਸਿਹਤ ਕਰਮਚਾਰੀਆਂ ਵੱਲੋਂ ਸਕੂਲਾਂ, ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਲੋਕਾਂ ਨੂੰ ਟੀ.ਬੀ. ਦੇ ਲੱਛਣਾਂ, ਇਲਾਜ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ,ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ,ਬੀ.ਈ.ਈ ਗਗਨਦੀਪ ਸਿੰਘ ਭੁੱਲਰ ਅਤੇ ਟੀ.ਬੀ. ਸੁਪਰਵਾਇਜਰ ਹਰੀਸ਼ ਜਿੰਦਲ ਹਾਜ਼ਰ ਸਨ ।
Click to Follow Babushahi Facebook page →