IDFC ਬੈਂਕ ਧੋਖਾਧੜੀ ਮਾਮਲਾ: ED ਵੱਲੋਂ ਚੰਡੀਗੜ੍ਹ ਵਿੱਚ 19 ਟਿਕਾਣਿਆਂ 'ਤੇ ਛਾਪੇਮਾਰੀ
ਹਰਿਆਣਾ ਸਰਕਾਰ ਦੇ ਖਾਤਿਆਂ ਵਿੱਚੋਂ 590 ਕਰੋੜ ਰੁਪਏ ਦਾ ਗਬਨ; ਪੈਸੇ ਦੇ ਲੈਣ-ਦੇਣ (Money Trail) ਨੂੰ ਖੰਗਾਲ ਰਹੀ ਹੈ ਟੀਮ
ਚੰਡੀਗੜ੍ਹ, 11 ਮਾਰਚ 2026- ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਅੱਜ ਚੰਡੀਗੜ੍ਹ ਵਿੱਚ IDFC ਫਸਟ ਬੈਂਕ ਦੀ ਬ੍ਰਾਂਚ ਵਿੱਚ ਹੋਈ ਕਰੋੜਾਂ ਰੁਪਏ ਦੀ ਵੱਡੀ ਧੋਖਾਧੜੀ ਦੇ ਸਬੰਧ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਈਡੀ ਦੀਆਂ ਵੱਖ-ਵੱਖ ਟੀਮਾਂ ਵੱਲੋਂ ਚੰਡੀਗੜ੍ਹ ਦੇ 19 ਟਿਕਾਣਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਛਾਪੇਮਾਰੀ ਹਰਿਆਣਾ ਸਰਕਾਰ ਦੇ ਫੰਡਾਂ ਵਿੱਚ ਹੋਈ 590 ਕਰੋੜ ਰੁਪਏ ਦੀ ਹੇਰਾਫੇਰੀ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਹੈ।
ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਅਨੁਸਾਰ, ਹਰਿਆਣਾ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਵੱਲੋਂ IDFC ਫਸਟ ਬੈਂਕ ਵਿੱਚ ਜਮ੍ਹਾਂ ਕਰਵਾਏ ਗਏ ਕਰੀਬ 590 ਕਰੋੜ ਰੁਪਏ ਦਾ ਗਬਨ ਕੀਤਾ ਗਿਆ ਹੈ। ਇਹ ਫੰਡ ਸਰਕਾਰੀ ਖਾਤਿਆਂ ਵਿੱਚ ਫਿਕਸਡ ਡਿਪਾਜ਼ਿਟ (FD) ਵਜੋਂ ਰੱਖੇ ਜਾਣੇ ਸਨ। ਪਰ ਦੋਸ਼ ਹੈ ਕਿ ਮੁਲਜ਼ਮਾਂ ਨੇ ਮਿਲੀਭੁਗਤ ਕਰਕੇ ਇਨ੍ਹਾਂ ਫੰਡਾਂ ਨੂੰ ਐਫ.ਡੀ. ਵਿੱਚ ਜਮ੍ਹਾਂ ਕਰਵਾਉਣ ਦੀ ਬਜਾਏ ਆਪਣੇ ਨਿੱਜੀ ਹਿੱਤਾਂ ਲਈ ਹੋਰ ਪਾਸੇ ਮੋੜ ਦਿੱਤਾ (Divert)।
ਈਡੀ (ED) ਦੀ ਕਾਰਵਾਈ ਦਾ ਮਕਸਦ
ਈਡੀ ਇਸ ਛਾਪੇਮਾਰੀ ਰਾਹੀਂ 'ਮਨੀ ਟ੍ਰੇਲ' (Money Trail) ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਟੀਮ ਦਾ ਮੁੱਖ ਉਦੇਸ਼ ਇਹ ਦੇਖਣਾ ਹੈ ਕਿ, ਇਹ 590 ਕਰੋੜ ਰੁਪਏ ਦੀ ਵੱਡੀ ਰਾਸ਼ੀ ਕਿੱਥੇ-ਕਿੱਥੇ ਭੇਜੀ ਗਈ? ਇਸ 'ਅਪਰਾਧ ਦੀ ਕਮਾਈ' (Proceeds of Crime) ਨਾਲ ਕਿਹੜੀਆਂ ਜਾਇਦਾਦਾਂ ਬਣਾਈਆਂ ਗਈਆਂ? ਇਸ ਧੋਖਾਧੜੀ ਵਿੱਚ ਬੈਂਕ ਦੇ ਕਿਹੜੇ ਅਧਿਕਾਰੀ ਜਾਂ ਬਾਹਰੀ ਲੋਕ ਸ਼ਾਮਲ ਹਨ?
ਸਰਕਾਰੀ ਏਜੰਸੀਆਂ ਵਿੱਚ ਹੜਕੰਪ
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਰਿਆਣਾ ਸਰਕਾਰ ਦੀਆਂ ਉਨ੍ਹਾਂ ਏਜੰਸੀਆਂ ਵਿੱਚ ਵੀ ਹੜਕੰਪ ਮਚ ਗਿਆ ਹੈ ਜਿਨ੍ਹਾਂ ਦੇ ਫੰਡ ਇਸ ਬੈਂਕ ਵਿੱਚ ਜਮ੍ਹਾਂ ਸਨ। ਈਡੀ ਵੱਲੋਂ ਕਈ ਅਹਿਮ ਦਸਤਾਵੇਜ਼ ਅਤੇ ਡਿਜੀਟਲ ਸਬੂਤ ਕਬਜ਼ੇ ਵਿੱਚ ਲਏ ਜਾਣ ਦੀ ਖ਼ਬਰ ਹੈ।
Click to Follow Babushahi Facebook page →