ਕਮਿਸ਼ਨ ਨੇ ਸੀ.ਆਈ.ਏ ਫਰੀਦਕੋਟ ’ਤੇ ਲਾਏ ਗਏ ਦੁਰਵਿਵਹਾਰ ਦੇ ਦੋਸ਼ਾਂ ’ਤੇ ਤਲਬ ਕੀਤੀ ਰਿਪੋਰਟ
ਡੀ.ਜੀ.ਪੀ. ਅਤੇ ਐੱਸ.ਐੱਸ.ਪੀ ਨੂੰ 26 ਮਾਰਚ ਤੱਕ ਤੱਥ ਪੇਸ਼ ਕਰਨ ਦੇ ਆਦੇਸ਼, ਨਾਂਹ ’ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ : ਕਮਿਸ਼ਨ ਚੰਡੀਗੜ੍ਹ
ਫਰੀਦਕੋਟ, 11 ਮਾਰਚ (ਮਨਜੀਤ ਸਿੰਘ ਢੱਲਾ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸੀ.ਆਈ.ਏ ਫਰੀਦਕੋਟ ਵੱਲੋਂ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ (ਮਾਡਰਨ ਜੇਲ੍ਹ, ਫਰੀਦਕੋਟ) ਨਾਲ ਕੀਤੇ ਗਏ ਦੁਰਵਿਵਹਾਰ ਦੀ ਸ਼ਿਕਾਇਤ ਨੂੰ ਐਕਟ-2004 ਦੀ ਧਾਰਾ 10 ਤਹਿਤ ਗੰਭੀਰਤਾ ਨਾਲ ਲਿਆ ਹੈ। ਸ਼ਿਕਾਇਤਕਰਤਾ ਦੀ ਅਰਜ਼ੀ ’ਤੇ ਕਾਰਵਾਈ ਕਰਦਿਆਂ ਕਮਿਸ਼ਨ ਨੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਜੇਲ੍ਹ) ਅਤੇ ਐੱਸ.ਐੱਸ.ਪੀ ਫਰੀਦਕੋਟ ਨੂੰ ਹੁਕਮ ਜਾਰੀ ਕਰਕੇ ਕਿਹਾ ਕਿ ਉਹ ਖੁਦ ਜਾਂਚ ਕਰਕੇ ਤੱਥ-ਆਧਾਰਿਤ ਸੂਚਨਾਵਾਂ 26 ਮਾਰਚ 2026 ਤੱਕ ਪੇਸ਼ ਕਰਨ। ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਭੇਜੀ ਜਾਣ ਵਾਲੀ ਰਿਪੋਰਟ ’ਚ ਸ਼ਿਕਾਇਤਕਰਤਾ ਅਤੇ ਵਿਰੋਧੀ ਧਿਰ ਦੀਆਂ ਜਾਤੀਆਂ ਦਾ ਜ਼ਿਕਰ ਲਾਜ਼ਮੀ ਹੈ, ਤਾਂ ਜੋ ਮਾਮਲੇ ਦੀ ਨਿਰਪੱਖ ਅਤੇ ਪੂਰੀ ਪੜਤਾਲ ਯਕੀਨੀ ਬਣਾਈ ਜਾ ਸਕੇ। ਜੇ ਨਿਰਧਾਰਤ ਸਮਾਂ-ਸੀਮਾ ’ਚ ਰਿਪੋਰਟ ਨਾ ਪੁੱਜੀ ਤਾਂ ਕਮਿਸ਼ਨ ਨੂੰ ਐਕਟ ਦੀ ਧਾਰਾ 10(1) ਤਹਿਤ ਅਦਾਲਤੀ ਸ਼ਕਤੀਆਂ ਦੀ ਵਰਤੋਂ ਦਾ ਅਧਿਕਾਰ ਹੋਵੇਗਾ, ਜਿਸ ’ਚ ਸੰਮਨ ਜਾਰੀ ਕਰਨਾ ਅਤੇ ਹਾਜ਼ਰੀ ਯਕੀਨੀ ਬਣਾਉਣਾ ਸ਼ਾਮਲ ਹੈ। ਮਨੁੱਖੀ ਅਧਿਕਾਰ ਅਤੇ ਸੰਵਿਧਾਨਕ ਸੁਰੱਖਿਆਵਾਂ ਨੂੰ ਧਿਆਨ ’ਚ ਰੱਖਦਿਆਂ ਕਮਿਸ਼ਨ ਨੇ ਪੁਲਿਸ ਪ੍ਰਸ਼ਾਸਨ ਤੋਂ ਨਿਰਪੱਖ ਅਤੇ ਸ਼ੀਘਰ ਕਾਰਵਾਈ ਦੀ ਆਸ ਪ੍ਰਗਟਾਈ ਹੈ।
Click to Follow Babushahi Facebook page →