ਸਿਹਤ ਵਿਭਾਗ ਬਠਿੰਡਾ ਦੇ ਮੁਲਾਜ਼ਮ ਨੇ ਆਲ ਇੰਡੀਆ ਸਿਵਲ ਸਰਵਿਸ ਖੇਡਾਂ ਵਿੱਚ ਮੈਡਲ ਜਿੱਤਿਆ
ਅਸ਼ੋਕ ਵਰਮਾ
ਬਠਿੰਡਾ, 11 ਫਰਵਰੀ 2026 : ਸਿਹਤ ਵਿਭਾਗ ਬਠਿੰਡਾ ਦੇ ਕਰਮਚਾਰੀ ਇੰਦਰਜੀਤ ਸਿੰਘ ਨੇ ਚੰਡੀਗੜ੍ਹ ਵਿਖੇ ਹੋਈਆਂ ਆਲ ਇੰਡੀਆ ਸਿਵਲ ਸਰਵਿਸ ਖੇਡਾਂ ਦੌਰਾਨ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਕਾਂਸੀ ਤਮਗਾ ਜਿੱਤ ਕੇ ਸਿਹਤ ਵਿਭਾਗ ਬਠਿੰਡਾ ਦਾ ਮਾਣ ਵਧਾਇਆ ਹੈ। ਸਿਵਲ ਸਰਜਨ ਬਠਿੰਡਾ ਡਾਕਟਰ ਤਪਿੰਦਰਜੋਤ ਕੌਸ਼ਲ ਨੇ ਇੰਦਰਜੀਤ ਸਿੰਘ ਵੱਲੋਂ ਸ਼ਾਨਦਾਰ ਪ੍ਰਾਪਤੀ ਲਈ ਸਨਮਾਨਿਤ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਬਠਿੰਡਾ ਲਈ ਬਹੁਤ ਮਾਣ ਦੀ ਗੱਲ ਹੈ ਕਿ ਇੱਥੋਂ ਦੇ ਕਰਮਚਾਰੀ ਨੇ ਰਾਸ਼ਟਰੀ ਪੱਧਰ ਦੀ ਖੇਡ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਡਲ ਜਿੱਤ ਕੇ ਵਿਭਾਗ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।
ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਨਵਪ੍ਰੀਤ ਗਰੇਵਾਲ ਨੇ ਵੀ ਇਸ ਪ੍ਰਾਪਤੀ ਲਈ ਕਰਮਚਾਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਨਾਲ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਰਕਰਾਰ ਰਹਿੰਦੀ ਹੈ ਅਤੇ ਇਹ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਉਪਲਬਧੀਆਂ ਨਾਲ ਵਿਭਾਗ ਅਤੇ ਜ਼ਿਲ੍ਹੇ ਦਾ ਮਾਣ ਵਧਦਾ ਹੈ। ਸਿਹਤ ਵਿਭਾਗ ਵੱਲੋਂ ਮੈਡਲ ਜਿੱਤਣ ਵਾਲੇ ਕਰਮਚਾਰੀ ਨੂੰ ਸਨਮਾਨਿਤ ਕਰਨ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਇਸ ਮੌਕੇ ਮੁਲਾਜ਼ਮ ਸਾਥੀਆਂ ਗੁਰਪ੍ਰੀਤ ਸਿੰਘ, ਨਵਜੋਤ ਸਿੰਘ, ਗੁਰਪ੍ਰੀਤ ਸਿੰਘ, ਅਤੇ ਨਵੀ ਸਿਹਤ ਕਰਮਚਾਰੀਆਂ ਨੇ ਵੀ ਇਸ ਪ੍ਰਾਪਤੀ ਤੇ ਮਠਿਆਈਆਂ ਵੰਡ ਕੇ ਖੁਸ਼ੀ ਜਤਾਈ ਅਤੇ ਭਵਿੱਖ ਲਈ ਹੋਰ ਵੱਡੀਆਂ ਕਾਮਯਾਬੀਆਂ ਦੀ ਕਾਮਨਾ ਕੀਤੀ।
Click to Follow Babushahi Facebook page →