ਲੋਕ ਮੋਰਚਾ ਪੰਜਾਬ ਵੱਲੋਂ ਰਣਜੀਤ ਸਿੰਘ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 2 ਮਾਰਚ 2026:ਲੋਕ ਮੋਰਚਾ ਪੰਜਾਬ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਆਦੀਆਂ ਪਿੰਡ ਦੇ ਨੌਜਵਾਨ ਰਣਜੀਤ ਸਿੰਘ ਦੇ ਪੁਲਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਉੱਚ ਪੱਧਰੀ ਨਿਰਪੱਖ ਜਾਂਚ , ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਤੇ ਲੋਕਾਂ ਖਿਲਾਫ ਪੰਜਾਬ ਪੁਲਿਸ ਨੂੰ ਦਿੱਤੇ ਅੰਨ੍ਹੇ ਜਾਬਰ ਅਧਿਕਾਰ ਵਾਪਸ ਲਏ ਜਾਣ ਦੀ ਮੰਗ ਕੀਤੀ ਗਈ ਹੈ।
ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਪਿਛਲੇ ਸਮੇਂ ਅੰਦਰ ਪੁਲਿਸ ਮੁਕਾਬਲਿਆਂ ਦੀਆਂ ਘਟਨਾਵਾਂ ਵਿੱਚ ਬੇਹੱਦ ਤੇਜੀ ਆਈ ਹੈ ਅਤੇ ਬੀਤੇ ਸਾਲ ਵਿੱਚ ਪੰਜਾਬ ਪੁਲਿਸ ਵੱਲੋਂ ਹਰ ਦੋ ਦਿਨਾਂ ਵਿੱਚ ਇੱਕ ਇਨਕਾਊਂਟਰ ਕੀਤਾ ਗਿਆ ਹੈ। ਨਵੰਬਰ 25 ਤੋਂ ਜਨਵਰੀ 26 ਦੇ ਤਿੰਨ ਮਹੀਨਿਆਂ ਦੌਰਾਨ ਹੀ ਪੰਜਾਬ ਪੁਲਿਸ ਵੱਲੋਂ 34 ਇਨਕਾਊਂਟਰ ਕੀਤੇ ਗਏ ਹਨ ਜਿਨਾਂ ਵਿੱਚ ਪੰਜ ਮੌਤਾਂ ਹੋਈਆਂ ਹਨ ਅਤੇ 45 ਵਿਅਕਤੀ ਜ਼ਖਮੀ ਹੋਏ ਹਨ।ਜੁਰਮਾਂ ਨਾਲ ਨਜਿੱਠਣ ਦੀ ਇਹ ਪਹੁੰਚ ਬੇਹੱਦ ਖਤਰਨਾਕ, ਗੈਰ ਕਾਨੂੰਨੀ ਅਤੇ ਗੈਰ ਜਮਹੂਰੀ ਹੈ।
ਉਨ੍ਹਾਂ ਕਿਹਾ ਕਿ ਇਹ ਸਰਕਾਰ ਵੱਲੋਂ ਆਪਣੇ ਹੀ ਕਾਨੂੰਨਾਂ ਨੂੰ ਉਲੰਘ ਕੇ ਆਪ ਮਤੇ ਢੰਗ ਨਾਲ ਸਜਾਵਾਂ ਦੇਣ ਦੀ ਪਹੁੰਚ ਹੈ। ਭਗਵੰਤ ਮਾਨ ਸਰਕਾਰ ਅਜਿਹੇ ਮੁਕਾਬਲੇ ਬਣਾਉਣ ਵਿੱਚ ਪਹਿਲੀਆਂ ਸਰਕਾਰਾਂ ਨੂੰ ਮਾਤ ਦੇ ਰਹੀ ਹੈ।ਇਹ ਖਤਰਨਾਕ ਰੁਝਾਨ, ਇਨਸਾਫ਼ ਦੇ ਸਾਰੇ ਤਕਾਜਿਆਂ ਨੂੰ ਰੱਦ ਕਰਕੇ ਜਬਰ ਢਾਹੁਣ ਦਾ ਲੋਕ ਦੋਖੀ ਰੁਝਾਨ ਹੈ।ਪੁਲਸ ਨੂੰ ਦਿੱਤੇ ਜਾ ਰਹੇ ਅੰਨੇ ਜਾਬਰ ਅਧਿਕਾਰ ਲੋਕਾਂ ਦੇ ਜਮਹੂਰੀ ਤੇ ਮਨੁੱਖੀ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ। ਇਹਨਾਂ ਅਧਿਕਾਰਾਂ ਨੂੰ ਸਰਕਾਰਾਂ ਵੱਲੋਂ ਤਿੱਖੇ ਤੇ ਤੇਜ਼ ਕੀਤੇ ਜਾ ਰਹੇ ਲੋਕ ਦੋਖੀ ਨੀਤੀਆਂ ਦੇ ਹੱਲੇ ਨੂੰ ਰੋਕਣ ਲਈ ਜੂਝਣ ਵਾਲੇ ਲੋਕਾਂ ਅਤੇ ਜਥੇਬੰਦੀਆਂ ਖਿਲਾਫ ਸਭ ਤੋਂ ਵੱਧ ਵਰਤਿਆ ਜਾਣਾ ਹੈ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਹ ਰਣਜੀਤ ਸਿੰਘ ਦਾ ਝੂਠਾ ਪੁਲਸ ਮੁਕਾਬਲਾ ਕੱਲੀ ਕਹਿਰੀ ਘਟਨਾ ਨਹੀਂ ਹੈ ਤੇ ਨਾ ਪਹਿਲੀ ਹੈ।ਹਰ ਸਰਕਾਰ ਸਮੇਂ ਇਹ ਅਮਲ ਚਲਦਾ ਰਿਹਾ ਹੈ।ਹੁਣ ਵੀ ਸਰਕਾਰਾਂ ਬਣਾਉਣ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਇਹਨਾਂ ਝੂਠੇ ਪੁਲਸ ਮੁਕਾਬਲਿਆਂ ਬਾਰੇ ਮੂੰਹ ਨਹੀਂ ਖੋਲ੍ਹ ਰਹੀਆਂ। ਆਗੂਆਂ ਵੱਲੋਂ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹਨਾਂ ਨੂੰ ਇਸ ਕਤਲ ਤੇ ਅਜਿਹੇ ਹੋਰ ਕਤਲਾਂ ਦੀ ਉੱਚ ਪੱਧਰੀ ਨਿਰਪੱਖ ਜਾਂਚ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਇਸ ਫਾਸ਼ੀ ਰੁਝਾਨ ਖਿਲਾਫ਼ ਇੱਕਜੁੱਟ ਹੋ ਕੇ ਸੰਘਰਸ਼ ਦਾ ਝੰਡਾ ਬੁਲੰਦ ਕਰਨਾ ਚਾਹੀਦਾ ਹੈ।
Click to Follow Babushahi Facebook page →