ਕਿਸਾਨਾਂ ਨੂੰ ਵੱਡੀ ਰਾਹਤ: ਸਰਕਾਰ MSP 'ਤੇ ਖਰੀਦੇਗੀ ਆਲੂ, ਜਾਣੋ ਕੀ ਹੋਵੇਗੀ ਕੀਮਤ
ਪੱਛਮੀ ਬੰਗਾਲ ਸਰਕਾਰ ਦਾ ਵੱਡਾ ਫੈਸਲਾ; ਕਿਸਾਨਾਂ ਤੋਂ 9.50 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖਰੀਦਿਆ ਜਾਵੇਗਾ 12 ਲੱਖ ਟਨ ਆਲੂ
Babushahi Network
ਕੋਲਕਾਤਾ, 2 ਮਾਰਚ 2026- ਹੋਲੀ ਦੇ ਤਿਉਹਾਰ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮਮਤਾ ਬਨਰਜੀ ਸਰਕਾਰ ਨੇ ਆਲੂ ਉਤਪਾਦਕ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਰਾਜ ਸਰਕਾਰ ਕਿਸਾਨਾਂ ਤੋਂ ਸਿੱਧੇ 9.50 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਆਲੂ ਦੀ ਖਰੀਦ ਕਰੇਗੀ। ਸਰਕਾਰ ਨੂੰ ਉਮੀਦ ਹੈ ਕਿ ਇਸ ਫੈਸਲੇ ਨਾਲ ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ ਮਿਲੇਗਾ ਅਤੇ ਉਨ੍ਹਾਂ ਦੀ ਕਮਾਈ ਵਿੱਚ ਵਾਧਾ ਹੋਵੇਗਾ।
12 ਲੱਖ ਟਨ ਖਰੀਦ ਦਾ ਟੀਚਾ
ਰਾਜ ਸਰਕਾਰ ਨੇ ਕੁੱਲ 12 ਲੱਖ ਟਨ ਆਲੂ ਖਰੀਦਣ ਦਾ ਟੀਚਾ ਮਿੱਥਿਆ ਹੈ। ਇਸ ਯੋਜਨਾ ਤਹਿਤ ਹਰ ਕਿਸਾਨ ਵੱਧ ਤੋਂ ਵੱਧ 35 ਕੁਇੰਟਲ ਆਲੂ ਸਰਕਾਰ ਨੂੰ ਵੇਚ ਸਕੇਗਾ। ਪੰਚਾਇਤ ਮੰਤਰੀ ਪ੍ਰਦੀਪ ਮਜ਼ੂਮਦਾਰ ਅਨੁਸਾਰ, ਸਰਕਾਰ ਚਾਹੁੰਦੀ ਹੈ ਕਿ ਬੰਪਰ ਪੈਦਾਵਾਰ ਕਾਰਨ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਮਜਬੂਰੀ ਵਿੱਚ ਘੱਟ ਰੇਟ 'ਤੇ ਫਸਲ ਨਾ ਵੇਚਣੀ ਪਵੇ।
ਕਿਸਾਨ ਇੰਡੀਆ ਵੈੱਬਸਾਈਟ ਦੇ ਮੁਤਾਬਿਕ, ਖੇਤੀਬਾੜੀ ਵਿਭਾਗ ਇਸ ਵਾਰ ਪੱਛਮੀ ਬੰਗਾਲ ਵਿੱਚ 110 ਤੋਂ 120 ਲੱਖ ਟਨ ਆਲੂ ਦੀ ਪੈਦਾਵਾਰ ਹੋਣ ਦੀ ਉਮੀਦ ਹੈ। ਮਾਰਚ ਦੇ ਸ਼ੁਰੂ ਵਿੱਚ ਆਲੂ ਦੀ ਪੁਟਾਈ ਸ਼ੁਰੂ ਹੋ ਜਾਵੇਗੀ। ਆਮ ਤੌਰ 'ਤੇ ਜਦੋਂ ਪੈਦਾਵਾਰ 90 ਲੱਖ ਟਨ ਤੋਂ ਵੱਧ ਜਾਂਦੀ ਹੈ, ਤਾਂ ਬਾਜ਼ਾਰ ਵਿੱਚ ਕੀਮਤਾਂ ਡਿੱਗ ਕੇ 5 ਰੁਪਏ ਪ੍ਰਤੀ ਕਿੱਲੋ ਤੱਕ ਆ ਜਾਂਦੀਆਂ ਹਨ, ਜਦਕਿ ਕਿਸਾਨਾਂ ਦੀ ਲਾਗਤ ਲਗਭਗ 6.50 ਰੁਪਏ ਪ੍ਰਤੀ ਕਿੱਲੋ ਪੈਂਦੀ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਦਾ 9.50 ਰੁਪਏ ਦਾ ਰੇਟ ਕਿਸਾਨਾਂ ਲਈ ਵੱਡੀ ਬਚਤ ਸਾਬਤ ਹੋਵੇਗਾ।
ਪੰਜਾਬ ਅਤੇ ਯੂਪੀ ਵਿੱਚ ਵੀ ਆਲੂ ਦੀ ਭਾਰੀ ਪੈਦਾਵਾਰ
ਕੈਬਨਿਟ ਮੰਤਰੀ ਮਜ਼ੂਮਦਾਰ ਨੇ ਦੱਸਿਆ ਕਿ ਇਸ ਸਾਲ ਸਰਦੀ ਦਾ ਮੌਸਮ ਅਨੁਕੂਲ ਰਹਿਣ ਕਾਰਨ ਪੰਜਾਬ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਵੀ ਆਲੂ ਦੀ ਬੰਪਰ ਪੈਦਾਵਾਰ ਹੋਈ ਹੈ। ਬਾਜ਼ਾਰ ਵਿੱਚ ਸਪਲਾਈ ਵਧਣ ਕਾਰਨ ਕੀਮਤਾਂ ਹੋਰ ਡਿੱਗਣ ਦਾ ਖ਼ਦਸ਼ਾ ਸੀ, ਜਿਸ ਕਾਰਨ ਸਰਕਾਰ ਨੇ ਸਮੇਂ ਸਿਰ ਦਖ਼ਲ ਦੇਣ ਦਾ ਫੈਸਲਾ ਕੀਤਾ ਹੈ।
Click to Follow Babushahi Facebook page →