ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ ਦੌਰਾਨ ਬਿਖਰੀ ਸਾਹਿਤਕ ਰੰਗਾਂ ਦੀ ਖੁਸ਼ਬੂ
ਅਸ਼ੋਕ ਵਰਮਾ
ਬਠਿੰਡਾ, 2 ਮਾਰਚ 2026: ਟੀਚਰਜ਼ ਹੋਮ ਬਠਿੰਡਾ ਵਿਖੇ ਨੌਵੀਂ ਦੋ ਰੋਜਾ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ ਕਰਵਾਈ ਗਈ ਜਿਸ ਦੌਰਾਨ ਕਈ ਵੱਡੀ ਗਿਣਤੀ ਕਹਾਣੀਕਾਰਾਂ, ਸਮੀਖਿਆਕਾਰਾਂ, ਸਾਹਿਤਕਾਰਾਂ ਅਤੇ ਸਰੋਤਿਆਂ ਨੇ ਭਾਗ ਲਿਆ। ਕਹਾਣੀ ਗੋਸ਼ਟੀ ਦੇ ਸੂਤਰਧਾਰ ਜਸਪਾਲ ਮਾਨਖੇੜਾ ਨੇ ਦੋਵੇਂ ਦਿਨਾਂ ਦੇ ਪੰਜੇ ਸੈਸ਼ਨਾਂ ਦਾ ਸੰਚਾਲਨ ਸਾਹਿਤਕ ਰੰਗ ਬਖੇਰਦਿਆਂ ਬਾਖੂਬੀ ਕੀਤਾ। ਸਮਾਗਮ ਦੇ ਮੁੱਖ ਸੰਚਾਲਕ ਹਰਬੰਸ ਸਿੰਘ ਬਰਾੜ ਨੇ ਹਾਜਰੀਨ ਨੂੰ ਜੀ ਆਇਆਂ ਕਿਹਾ। ਇੰਗਲੈਂਡ ਵਾਸੀ ਸ਼ਾਇਰ ਅਜ਼ੀਮ ਸੇਖਰ ਨੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਕਹਿੰਦਿਆਂ ਕਹਾਣੀਕਾਰਾਂ ਆਲੋਚਕਾਂ ਨੂੰ ਸ਼ੁਭ ਆਮਦ ਕਿਹਾ। ਇਸ ਮੌਕੇ ਪੰਜ ਕਹਾਣੀਆਂ ਪੇਸ਼ ਕੀਤੀਆਂ ਗਈਆਂ, ਜਿਹਨਾਂ ’ਤੇ ਆਲੋਚਨਾ ਚਰਚਾ ਕਰਦਿਆਂ ਸਮੀਖਿਆਕਾਰਾਂ ਅਤੇ ਆਲੋਚਕਾਂ ਨੇ ਵਿਸ਼ਿਆਂ ਦੇ ਨਾਲ ਨਾਲ ਤਕਨੀਕ ਦੀ ਪੁਣ ਛਾਣ ਕੀਤੀ। ਬੁਲਾਰਿਆਂ ਨੇ ਬੇਲਿਹਾਜ ਹੋ ਕੇ ਦੁੱਧੋਂ ਪਾਣੀ ਛਾਨਣ ਦੀ ਕੋਸ਼ਿਸ਼ ਕੀਤੀ ਜਿਸ ’ਚ ਉਹ ਵੱਡੀ ਪੱਧਰ ਤੇ ਸਫਲ ਵੀ ਰਹੇ।
ਗੋਸ਼ਟੀ ਦੇ ਪਹਿਲੇ ਦਿਨ ਨਵਾਂ ਸ਼ਹਿਰ ਤੋਂ ਆਏ ਕਹਾਣੀਕਾਰ ਅਜਮੇਰ ਸਿੱਧੂ ਨੇ ਪਹਿਲੀ ਕਹਾਣੀ ‘ਤੈਨੂੰ ਮਰਨਾ ਨਹੀਂ ਸੀ ਚਾਹੀਦਾ’ ਪੇਸ਼ ਕੀਤੀ। ਜਿਸਤੇ ਆਲੋਚਕ ਪ੍ਰੋ: ਹਰਬਿੰਦਰ ਸਿੰਘ ਮੌੜ ਨੇੇ ਚਰਚਾ ਦਾ ਆਰੰਭ ਕੀਤਾ। ਦੂਜੀ ਕਹਾਣੀ ਜੰਮੂ ਤੋਂ ਆਈ ਕਹਾਣੀਕਾਰਾ ਸੁਰਿੰਦਰ ਨੀਰ ਨੇ ਕਹਾਣੀ ‘ਅੱਧੀ ਸਦੀ ਦੀ ਔਰਤ’ ਪੜ੍ਹੀ, ਜਿਸਤੇ ਚਰਚਾ ਦਾ ਆਰੰਭ ਪ੍ਰੋ: ਗੁਰਦੀਪ ਸਿੰਘ ਢਿੱਲੋਂ ਨੇ ਕੀਤਾ। ਤੀਜੀ ਰਵੀ ਸ਼ੇਰਗਿੱਲ ਦੀ ਕਹਾਣੀ ‘ਬੁੱਲ੍ਹਾਂ ’ਚ ਘੁੱਟੀ ਮੁਸਕਰਾਹਟ’ ਲੇਖਕ ਦੀ ਗੈਰਹਾਜਰੀ ਸਦਕਾ ਰੁਪਿੰਦਰ ਰੁਪਾਲ ਨੇ ਪੇਸ਼ ਕੀਤੀ। ਦੂਜੇ ਦਿਨ ਕਹਾਣੀਕਾਰ ਪ੍ਰਗਟ ਸਤੌਜ ਨੇ ਚੌਥੀ ਕਹਾਣੀ ‘ਖੰਡੀ ਦਾ ਕੰਡਾ’ ਪੜ੍ਹੀ ਅਤੇ ਚਰਚਾ ਦਾ ਆਰੰਭ ਪ੍ਰੋ: ਪਰਮਜੀਤ ਪਟਿਆਲਾ ਨੇ ਕੀਤਾ। ਕਹਾਣੀਕਾਰਾ ਅੰਮ੍ਰਿਤਪਾਲ ਕਲੇਰ ਨੇ ਪੰਜਵੀਂ ਕਹਾਣੀ ‘ਖ਼ਰਾ ਹੱਡ’ ਪੜ੍ਹੀ, ਜਿਸਤੇ ਚਰਚਾ ਦਾ ਆਰੰਭ ਡਾ: ਹਰੀਸ਼ ਬਰਨਾਲਾ ਨੇ ਕੀਤਾ।
ਕਹਾਣੀਆਂ ਉਪਰ ਸਾਹਿਤਕਾਰਾਂ ਤੇ ਆਲੋਚਕਾਂ ਨਿਰੰਜਣ ਬੋਹਾ, ਪ੍ਰੋ: ਮਨਜੀਤ ਸਿੰਘ, ਸੰਦੀਪ ਸਮਰਾਲਾ, ਪ੍ਰੋ: ਸਵਾਮੀ ਸਰਬਜੀਤ, ਗੁਰਦੇਵ ਖੋਖਰ, ਡਾ: ਸੰਦੀਪ ਰਾਣਾ, ਭੋਲਾ ਸਿੰਘ ਸੰਘੇੜਾ, ਅਲਫਾਜ, ਐੱਚ ਐੱਚ ਡਿੰਪਲ, ਭੁਪਿੰਦਰ ਮਾਨ, ਬਲਵਿੰਦਰ ਸਿੰਘ ਭੁੱਲਰ, ਪਰਮਜੀਤ ਮਾਨ, ਜਗਤਾਰ ਅਵਾਰਾ, ਭੋਲਾ ਸਿੰਘ ਸਮੀਰੀਆ ਆਦਿ ਨੇ ਵਿਚਾਰ ਪੇਸ਼ ਕੀਤੇ ਅਤੇ ਸੁਝਾਅ ਦਿੱਤੇ। ਸਮਾਪਤੀ ਸਮੇਂ ਟੀਚਰਜ ਹੋਮ ਟਰਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ ਪੰਜਾਬੀ ਭਾਸ਼ਾ ਦੀ ਨਿਵੇਕਲੀ ਤੇ ਨਰੋਈ ਪਿਰਤ ਵਾਲੀ ਹੈ। ਉਹਨਾਂ ਕਿਹਾ ਕਿ ਨਿਰੰਤਰਤਾ, ਲਗਾਤਾਰਤਾ ਅਤੇ ਬਿਨਾ ਨਾਗਾ ਇਸ ਦੀ ਪ੍ਰਮਾਣਿਕਤਾ ਹੈ। ਅੰਤ ’ਚ ਗੋਸ਼ਟੀ ਦੇ ਸੰਯੋਜਕ ਆਗਾਜਬੀਰ ਨੇ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਸਾਥੀ ਜਰਨੈਲ ਭਾਈਰੂਪਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਰਣਬੀਰ ਰਾਣਾ, ਰਮੇਸ ਗਰਗ, ਜਸਵਿੰਦਰ ਜਸ, ਸੁਖਦਰਸ਼ਨ ਗਰਗ, ਕਮਲ ਬਠਿੰਡਾ ਅਤੇ ਲਾਲ ਚੰਦ ਸਿੰਘ ਆਦਿ ਵੀ ਹਾਜ਼ਰ ਸਨ।
Click to Follow Babushahi Facebook page →