ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਨੇ ਅਮਰੀਕਾ ਭਾਰਤ ਵਪਾਰ ਸਮਝੌਤੇ ਦੀਆਂ ਕਾਪੀਆਂ ਸਾੜੀਆਂ
ਅਸ਼ੋਕ ਵਰਮਾ
ਬਠਿੰਡਾ, 15 ਫਰਵਰੀ 2026 : ਸੰਘਰਸ਼ ਕਮੇਟੀ ਤਲਵੰਡੀ ਅਕਲੀਆ (ਤਲਵੰਡੀ ਸਾਬੋ ਮੋਰਚਾ) ਨੇ ਪਿੰਡ ਦੀ ਸੱਥ ਵਿੱਚ ਸਯੁੰਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ, ਸਿੱਧੂਪੁਰ ਜਥੇਬੰਦੀ) ਦੇ ਸੱਦੇ 'ਤੇ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਲੋਕਾਂ ਨੂੰ ਸੁਚੇਤ ਕਰਦਿਆਂ ਪ੍ਰਧਾਨ ਸੁਖਦੀਪ ਸਿੰਘ ਨੇ ਕਿਹਾ ਕਿ ਇੱਕ ਪਾਸੇ ਭਾਜਪਾ ਦੀ ਕੇਂਦਰ ਸਰਕਾਰ ਅਮਰੀਕਾ ਨਾਲ ਵਪਾਰ ਸਮਝੌਤਾ ਕਰਕੇ ਕਿਸਾਨੀ ਨੂੰ ਖ਼ਤਮ ਕਰਨ ਤੇ ਤੁਲੀ ਹੈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਰੈੱਡ ਕੈਟਾਗਰੀ ਦੀਆਂ ਫੈਕਟਰੀਆਂ ਨੂੰ ਮਨਜ਼ੂਰੀ ਦੇ ਕੇ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਬੰਜ਼ਰ ਬਣਾਉਣ ਅਤੇ ਵਾਤਾਵਰਣ ਨੂੰ ਗੰਧਲਾ ਕਰਨ ਦੀ ਖੁੱਲ੍ਹ ਦੇਣ ਜਾ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਕਾਕਾ ਸਿੰਘ ਤਲਵੰਡੀ ਅਕਲੀਆ ਨੇ ਕਿਹਾ ਕਿ ਕਾਰਪੋਰੇਟਾਂ ਨੂੰ ਅੰਨ੍ਹੀ ਲੁੱਟ ਖਸੁੱਟ ਕਰਨ ਲਈ ਸਰਕਾਰਾਂ ਵੱਲੋਂ ਲਿਆਂਦੇ ਲੋਕ ਮਾਰੂ ਕਾਨੂੰਨਾਂ ਨੂੰ ਰੋਕਣ ਲਈ ਸਾਂਝੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਤਲਵੰਡੀ ਅਕਲੀਆ ਵਾਸੀਆਂ ਨੇ ਕਿਹਾ ਜੇਕਰ ਇਹ ਅਮਰੀਕਾ ਭਾਰਤ ਟਰੇਡ ਸਮਝੌਤਾ ਰੱਦ ਨਾ ਕਰਵਾਇਆ ਤਾਂ ਪੰਜਾਬ ਦਾ ਕਿਸਾਨ ਅਤੇ ਡੇਅਰੀ ਸੈਕਟਰ ਦਾ ਖਾਤਮਾ ਹੋ ਜਾਵੇਗਾ, ਕਿਉਂਕਿ ਸਮਝੌਤੇ ਤਹਿ ਅਮਰੀਕਾ ਦਾ ਅਨਾਜ ਅਤੇ ਦੁੱਧ ਭਾਰਤ ਚ ਉਪਲੱਬਧ ਹੋ ਜਾ ਜਾਵੇਗਾ ਤੇ ਲੋਕਲ ਖੇਤੀ ਤੇ ਡੇਅਰੀ ਦਾ ਲਕ ਟੁੱਟ ਜਾਵੇਗਾ। ਜਿਕਰਯੋਗ ਹੈ ਅਮਰੀਕਾ ਦਾ ਅਨਾਜ ਜੀਐਮ ਹੈ ਤੇ ਅਮਰੀਕਾ ਚ ਗਾਂਵਾ ਤੋਂ ਕੈਮੀਕਲ ਦੀ ਵਰਤੋ ਕਰਕੇ ਦੁੱਧ ਲਿਆ ਜਾਂਦਾ ਹੈ ਜਿਸ ਨਾਲ ਲੋਕਾਂ ਦੀ ਸਿਹਤ ਤੇ ਡੀ ਐਨ ਏ ਤੇ ਮਾਰੂ ਪ੍ਰਭਾਵ ਪੈਣਗੇ। ਉਹਨਾਂ ਕਿਹਾ ਕਿ ਇਨ੍ਹਾਂ ਮਾੜੇ ਪ੍ਰਭਾਵਾਂ ਨੂੰ ਦੇਖਦਿਆਂ ਹਰ ਦੇਸ਼ ਵਾਸੀ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਹੈ।ਇਸ ਮੌਕੇ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਗੁਰਮੇਲ ਸਿੰਘ, ਸਕੱਤਰ ਮਨਪ੍ਰੀਤ ਸਿੰਘ, ਮੀਡੀਆ ਇੰਚਾਰਜ਼ ਖੁਸਵੀਰ ਸਿੰਘ ਅਤੇ ਖਜ਼ਾਨਚੀ ਮਨਪ੍ਰੀਤ ਸਿੰਘ ਮਾਣਕ , ਸਮੂਹ ਕਮੇਟੀ ਮੈਂਬਰ ਅਤੇ ਨਗਰ ਨਿਵਾਸੀ ਹਾਜ਼ਰ ਸਨ।