ਸੱਚਾਈ ਦੀ ਜਿੱਤ ਹੋਈ: ਅਕਾਲੀ ਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਡੀ ਏ ਕੇਸ ’ਚ ਜ਼ਮਾਨਤ ਮਿਲਣ ’ਤੇ ਆਖਿਆ
ਕਿਹਾ ਕਿ ਆਪ ਤੇ ਮੁੱਖ ਮੰਤਰੀ ਵੱਲੋਂ ਵਿੱਢੀ ਸਿਆਸੀ ਬਦਲਾਖੋਰੀ ਬੇਨਕਾਬ ਹੋਈ
ਚੰਡੀਗੜ੍ਹ, 2 ਫਰਵਰੀ: ਸ਼੍ਰੋਮਣੀ ਅਕਾਲੀ ਦਲ ਨੇ ਸੁਪਰੀਮ ਕੋਰਟ ਵੱਲੋਂ ਡੀ ਏ ਕੇਸ ਵਿਚ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਦਾ ਸਵਾਗਤ ਕਰਦਿਆਂ ਅੱਜ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ ਅਤੇ ਆਮ ਆਦਮੀ ਪਾਰਟੀ (ਆਪ) ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲੀ ਆਗੂ ਦੇ ਖਿਲਾਫ ਵਿੱਢੀ ਸਿਆਸੀ ਬਦਲਾਖੋਰੀ ਬੇਨਕਾਬ ਹੋ ਗਈ ਹੈ।
ਸੀਨੀਅਰ ਆਗੂਆਂ ਡਾ. ਦਲਜੀਤ ਸਿੰਘ ਚੀਮਾ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਆਪ ਸਰਕਾਰ ਨੇ ਸਰਦਾਰ ਮਜੀਠੀਆ ਨੂੰ ਇਕ ਝੂਠੇ ਕੇਸ ਵਿਚ ਜੇਲ੍ਹ ਵਿਚ ਬੰਦ ਰੱਖਣ ਵਾਸਤੇ ਪੂਰੀ ਵਾਹ ਲਗਾਈ ਪਰ ਸਰਵਉਚ ਅਦਾਲਤ ਵਿਚ ਸਰਕਾਰ ਆਪਣੇ ਝੂਠ ਦੀ ਪੈਰਵੀ ਨਹੀਂ ਕਰ ਸਕੀ।
ਅਕਾਲੀ ਆਗੂਆਂ ਨੇ ਕਿਹਾ ਕਿ ਇਹ ਹੁਣ ਸਪਸ਼ਟ ਹੋ ਗਿਆ ਹੈ ਕਿ ਆਪ ਸਰਕਾਰ ਅਕਾਲੀ ਆਗੂ ਖਿਲਾਫ ਦਰਜ ਕੀਤੇ ਝੂਠੇ ਨਸ਼ਿਆਂ ਦੇ ਕੇਸ ਵਿਚ ’ਚਲਾਨ’ ਪੇਸ਼ ਕਰਨ ਵਿਚ ਅਸਫਲ ਰਹੀ ਅਤੇ ਜਦੋਂ ਸੁਪਰੀਮ ਕੋਰਟ ਨੇ ਸਰਦਾਰ ਮਜੀਠੀਆ ਨੂੰ ਜ਼ਮਾਨਤ ਦੇਣ ਖਿਲਾਫ ਦਾਇਰ ਵਿਸ਼ੇਸ਼ ਲੀਵ ਪਟੀਸ਼ਨ ਰੱਦ ਕਰ ਦਿੱਤੀ ਤਾਂ ਸਰਕਾਰ ਨੇ ਅਕਾਲੀ ਆਗੂ ਨੂੰ ਆਮਦਨ ਨਾਲੋਂ ਵੱਧ ਜਾਇਦਾਦ (ਡੀ ਏ) ਦੇ ਝੂਠੇ ਕੇਸ ਵਿਚ ਫਸਾਉਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਇਸ ਕੇਸ ਦਾ ਵੀ ਉਹੋ ਨਤੀਜਾ ਹੋਵੇਗਾ ਜਿਹੜਾ ਪਹਿਲਾਂ ਸਰਦਾਰ ਮਜੀਠੀਆ ਖਿਲਾਫ ਦਰਜ ਝੂਠੇ ਨਸ਼ਿਆਂ ਦੇ ਕੇਸ ਦਾ ਹੋਇਆ ਹੈ।