ਟਾਈਮਜ਼ ਹਾਇਰ ਐਜੂਕੇਸ਼ਨ ਰੈਂਕਿੰਗ ਵਿੱਚ ਕੇਂਦਰੀ ਯੂਨੀਵਰਸਿਟੀ ਦਾ ਸ਼ਲਾਘਾਯੋਗ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ, 23 ਜਨਵਰੀ 2026 : ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਦ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਬਾਇ ਸਬਜੈਕਟ 2026 ਵਿੱਚ ਮੈਡੀਸਿਨ ਅਤੇ ਹੈਲਥ ਸ਼੍ਰੇਣੀ ਵਿੱਚ ਮਹੱਤਵਪੂਰਨ 251–300 ਗਲੋਬਲ ਰੈਂਕ ਬੈਂਡ ਵਿੱਚ ਸਥਾਨ ਹਾਸਲ ਕਰਕੇ ਇਕ ਵੱਡੀ ਉਪਲਬਧੀ ਦਰਜ ਕੀਤੀ ਹੈ। ਯੂਨੀਵਰਸਿਟੀ ਨੂੰ ਇਸ ਸ਼੍ਰੇਣੀ ਦੇ ਰਿਸਰਚ ਕਵਾਲਿਟੀ ਪੈਰਾਮੀਟਰ ਵਿੱਚ 85.2 ਦਾ ਸ਼ਾਨਦਾਰ ਸਕੋਰ ਮਿਲਿਆ ਹੈ, ਜੋ ਇਸ ਸ਼੍ਰੇਣੀ ਵਿੱਚ ਆਕੀ ਗਈਆਂ ਉੱਚ ਸਿੱਖਿਆ ਸੰਸਥਾਵਾਂ ਵਿਚ ਇਸ ਦੀ ਮਜ਼ਬੂਤ ਖੋਜ ਸਮਰੱਥਾ ਨੂੰ ਦਰਸਾਉਂਦਾ ਹੈ।
ਇਸ ਵਿਸ਼ਾ-ਆਧਾਰਿਤ ਗਲੋਬਲ ਰੈਂਕਿੰਗ ਵਿੱਚ ਸੀਯੂ ਪੰਜਾਬ ਨੂੰ ਫਿਜ਼ਿਕਲ ਸਾਇੰਸਜ਼ ਵਿੱਚ 401–500 ਗਲੋਬਲ ਰੈਂਕ ਬੈਂਡ ਅਤੇ ਲਾਈਫ ਸਾਇੰਸਜ਼ ਵਿੱਚ 601–800 ਗਲੋਬਲ ਰੈਂਕ ਬੈਂਡ ਵੀ ਪ੍ਰਾਪਤ ਹੋਇਆ ਹੈ। ਸਮੁੱਚੇ ਤੌਰ ’ਤੇ ਵੀ ਯੂਨੀਵਰਸਿਟੀ ਨੇ ਦ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2026 ਵਿੱਚ 601–800 ਗਲੋਬਲ ਰੈਂਕ ਬੈਂਡ ਨਾਲ ਆਪਣੀ ਮਜ਼ਬੂਤ ਅੰਤਰਰਾਸ਼ਟਰੀ ਹਾਜ਼ਰੀ ਕਾਇਮ ਰੱਖੀ ਹੈ।
ਮੈਡੀਸਿਨ ਅਤੇ ਹੈਲਥ ਸ਼੍ਰੇਣੀ ਵਿੱਚ ਸੀਯੂ ਪੰਜਾਬ ਤੋਂ ਇਲਾਵਾ ਸੇਵਿਥਾ ਇੰਸਟੀਚਿਊਟ ਆਫ ਹੈਲਥ ਸਾਇੰਸਜ਼ ਹੀ ਇਕੋ-ਇਕ ਹੋਰ ਭਾਰਤੀ ਸੰਸਥਾ ਹੈ, ਜਿਸ ਨੂੰ 251–300 ਗਲੋਬਲ ਰੈਂਕ ਬੈਂਡ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਉਪਲਬਧੀ ਮੈਡੀਕਲ ਅਤੇ ਹੈਲਥ ਸਾਇੰਸਜ਼ ਦੇ ਅਧਿਆਪਨ ਅਤੇ ਖੋਜ ਖੇਤਰ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਧਦੇ ਪ੍ਰਭਾਵ ਨੂੰ ਰੋਸ਼ਨ ਕਰਦੀ ਹੈ।
ਫਿਜ਼ਿਕਲ ਸਾਇੰਸਜ਼ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2026 ਵਿੱਚ 401–500 ਰੈਂਕ ਬੈਂਡ ਹਾਸਲ ਕਰਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਇਕ ਵਿਸ਼ੇਸ਼ ਸਮੂਹ ਵਿੱਚ ਸ਼ਾਮਲ ਹੋ ਗਈ ਹੈ, ਜਿੱਥੇ ਭਾਰਤ ਤੋਂ ਕੇਵਲ ਸੱਤ ਹੋਰ ਉੱਚ ਸਿੱਖਿਆ ਸੰਸਥਾਵਾਂ ਹੀ ਗਲੋਬਲ ਟੌਪ 500 ਵਿੱਚ ਸ਼ਾਮਲ ਹਨ। ਇਸੇ ਤਰ੍ਹਾਂ, ਲਾਈਫ ਸਾਇੰਸਜ਼ ਵਿੱਚ 601–800 ਰੈਂਕ ਬੈਂਡ ਦੇ ਨਾਲ ਸੀਯੂ ਪੰਜਾਬ ਭਾਰਤ ਦੀਆਂ ਉਹਨਾਂ ਸਿਖਰਲੀਆਂ 28 ਸੰਸਥਾਵਾਂ ਵਿੱਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੂੰ ਵਿਸ਼ਵ ਦੇ ਟੌਪ 800 ਵਿੱਚ ਸਥਾਨ ਪ੍ਰਾਪਤ ਹੋਇਆ ਹੈ। ਇਸ ਸ਼੍ਰੇਣੀ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਭਾਰਤੀ ਵਿਗਿਆਨ ਸੰਸਥਾਨ ਭਾਰਤੀ ਸੰਸਥਾਵਾਂ ਦੀ ਅਗਵਾਈ ਕਰਦੇ ਹੋਏ 201–250 ਗਲੋਬਲ ਰੈਂਕ ਬੈਂਡ ਵਿੱਚ ਸ਼ਾਮਲ ਹਨ।
ਰੈਂਕਿੰਗਜ਼ ’ਦਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਖੋਜ ਆਉਟਪੁੱਟ ਅਤੇ ਸਾਈਟੇਸ਼ਨ ਵਿੱਚ ਸੀਯੂ ਪੰਜਾਬ ਦੀ ਲਗਾਤਾਰ ਪ੍ਰਗਤੀ ਉਸਦੇ ਮਜ਼ਬੂਤ ਅਤੇ ਉੱਚ ਗੁਣਵੱਤਾ ਵਾਲੇ ਖੋਜ ਪਰਿਸਥਿਤਿਕ ਤੰਤਰ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਯੂਨੀਵਰਸਿਟੀ ਦੇ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਸਾਰੇ ਹਿੱਸੇਦਾਰਾਂ ਦੇ ਲਗਾਤਾਰ ਅਤੇ ਸਾਂਝੇ ਯਤਨਾਂ ਦਾ ਨਤੀਜਾ ਹੈ ਅਤੇ ਉੱਚ ਸਿੱਖਿਆ ਤੇ ਖੋਜ ਵਿੱਚ ਸ਼੍ਰੇਸ਼ਠਤਾ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਮੁੜ ਸਾਬਤ ਕਰਦੀ ਹੈ।