ਬੀਪੀਈਓ ਪੋਹਲਾ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਵਿਖਾਵਾ
ਤਹਿਸੀਲਦਾਰ 21 ਜਨਵਰੀ ਨੂੰ 4 ਵਜੇ ਡੀ.ਸੀ ਗੁਰਦਾਸਪੁਰ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਬਾਅਦ ਹੋਇਆ ਰੋਸ ਪ੍ਰਦਰਸ਼ਨ ਸਮਾਪਤ
ਰੋਹਿਤ ਗੁਪਤਾ
ਗੁਰਦਾਸਪੁਰ 20 ਜਨਵਰੀ. ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਦੀ ਅਗਵਾਈ ਵਿੱਚ ਬੀਪੀਈਓ ਪੋਹਲਾ ਸਿੰਘ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸਥਾਨਕ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਵੱਲੋਂ 21 ਜਨਵਰੀ ਨੂੰ 4 ਵਜੇ ਡੀ.ਸੀ. ਗੁਰਦਾਸਪੁਰ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਰੋਸ ਪ੍ਰਦਰਸ਼ਨ ਸਮਾਪਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਛੁੱਟੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਰੈਲੀ ਵਿੱਚ ਸ਼ਾਮਿਲ ਹੋਏ ਅਤੇ ਮਾਮਲੇ ਦਾ ਫੌਰੀ ਹੱਲ ਕਰਵਾਉਣ ਲਈ ਡੀ.ਸੀ. ਗੁਰਦਾਸਪੁਰ ਨਾਲ ਮੀਟਿੰਗ ਦੀ ਮੰਗ ਕਰਨ ਲੱਗੇ।ਪ੍ਰੰਤੂ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਛੁੱਟੀ ਹੋਣ ਦਾ ਹਵਾਲਾ ਦਿੱਤਾ ਗਿਆ।ਰੋਸ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਡੀ.ਸੀ. ਦੀ ਰਿਹਾਇਸ਼ ਵੱਲ ਮਾਰਚ ਕਰਨ ਦਾ ਐਲਾਨ ਕੀਤਾ।ਪ੍ਰਸ਼ਾਸ਼ਨ ਵੱਲੋਂ ਤਹਿਸੀਲਦਾਰ ਗੁਰਪ੍ਰੀਤ ਸਿੰਘ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ 21 ਜਨਵਰੀ ਨੂੰ 4 ਵਜੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ।ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਿਹਾਇਸ਼ ਵੱਲ ਕੀਤਾ ਜਾਣ ਵਾਲਾ ਮਾਰਚ ਮੁਲਤਵੀ ਕੀਤਾ ਗਿਆ।
ਰੋਸ ਪ੍ਰਦਰਸ਼ਨ ਨੂੰ ਕਰਦਿਆਂ ਆਗੂਆਂ ਨੇ ਕਿਹਾ ਕਿ ਬੀਪੀਈਓ ਪੋਹਲਾ ਸਿੰਘ ਬਲਾਕ ਕਾਦੀਆਂ-2 ਅਤੇ ਫ਼ਤਹਿਗੜ੍ਹ ਚੂੜੀਆਂ ਦੇ ਵਾਧੂ ਚਾਰਜ ਦੌਰਾਨ ਔਰਤਾਂ ਪ੍ਰਤੀ ਘਟੀਆ ਮਾਨਸਿਕਤਾ ਰੱਖਦਾ ਹੈ ਅਤੇ ਔਰਤਾਂ ਦੇ ਸ਼ੋਸ਼ਣ ਲਈ ਜਾਲ ਬੁਣਦਾ ਹੈ।ਦੋਸ਼ੀ ਪੋਹਲਾ ਸਿੰਘ ਔਰਤ ਅਧਿਆਪਕਾਵਾਂ ਨੂੰ ਵਿਭਾਗੀ ਕੰਮਾਂ ਵਿੱਚ ਉਲਝਾ ਕਿ ਉਹਨਾਂ ਨੂੰ ਸਰੀਰਕ ਸੰਬੰਧ ਬਣਾਉਣ ਲਈ ਮਜ਼ਬੂਰ ਕਰਦਾ ਹੈ।ਉਹਨਾਂ ਕਿਹਾ ਕਿ ਪੋਹਲਾ ਸਿੰਘ ਨੂੰ ਮੌਜੂਦਾ ਆਮ ਆਦਮੀ ਪਾਰਟੀ ਦਾ ਥਾਪੜਾ ਹੈ ਕਿਉਂਕਿ ਪੋਹਲਾ ਸਿੰਘ ਸਰਕਾਰੀ ਗ੍ਰਾਂਟ ਵਿੱਚੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਪੈਸੇ ਦਿੰਦਾ ਹੈ।ਹਰ ਪਾਸਿਓਂ ਭ੍ਰਿਸ਼ਟ ਪੋਹਲਾ ਸਿੰਘ ਨੂੰ ਬਚਾਉਣ ਲਈ ਸਾਰਾ ਪ੍ਰਬੰਧ ਉਸ ਦੀ ਪਿੱਠ ਉੱਪਰ ਖੜ੍ਹਾ ਹੈ।ਇਸ ਲਈ ਪੋਹਲਾ ਸਿੰਘ ਖਿਲਾਫ ਕਾਰਵਾਈ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਇੱਕ ਪਾਸੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਅਤੇ ਸਿੱਖਿਆ ਕ੍ਰਾਂਤੀ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਸੀ ਜਦਕਿ ਹਕੀਕਤ ਇਹ ਬਣ ਗਈ ਹੈ ਕਿ ਪੋਹਲਾ ਸਿੰਘ ਵਰਗੇ ਭ੍ਰਿਸ਼ਟ ਅਫਸਰ ਇਹਨਾਂ ਦੀ ਛੱਤਰ ਛਾਇਆ ਵਿੱਚ ਵੱਧ ਫੁੱਲ ਰਹੇ ਹਨ।
ਆਗੂਆਂ ਨੇ ਐਲਾਨ ਕਰਦਿਆਂ ਕਿ ਅਗਰ 21 ਜਨਵਰੀ ਦੀ ਮੀਟਿੰਗ ਵਿੱਚ ਕੋਈ ਸਿੱਟਾ ਨਾ ਨਿਕਲਿਆ ਤਾਂ ਆਉਣ ਵਾਲੇ ਦਿਨ੍ਹਾਂ ਵਿੱਚ ਜ਼ਿਲ੍ਹੇ ਦੀਆਂ ਹੋਰਨਾਂ ਜੱਥੇਬੰਦੀਆਂ ਨੂੰ ਇਸ ਸੰਘਰਸ਼ ਵਿੱਚ ਸ਼ਾਮਿਲ ਕੀਤਾ ਜਾਵੇਗਾ ਅਤੇ ਇਸ ਦਾ ਘੇਰਾ ਵਿਸ਼ਾਲ ਕਰਕੇ ਪੋਹਲਾ ਸਿੰਘ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਵੇਗੀ।ਇਸ ਮੌਕੇ ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਦੇ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ, ਕੋ-ਕਨਵੀਨਰ ਗੁਰਵਿੰਦਰ ਕੌਰ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਜੁਆਇੰਟ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ, ਡੈਮੋਕ੍ਰੇਟਿਕ ਮਿਡ ਡੇ ਮੀਲ ਵਰਕਰਜ ਯੂਨੀਅਨ ਗੁਰਪ੍ਰੀਤ ਕੌਰ, ਡੈਮੋਕ੍ਰੇਟਿਕ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਕੌਰ ਅਲੀਸ਼ੇਰ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਅਨੋਖ ਸਿੰਘ ਘੋੜੇਵਾਹ, ਇਫਟੂ ਦੇ ਜ਼ਿਲ੍ਹਾ ਪ੍ਰਧਾਨ ਪਠਾਨਕੋਟ ਵਿਜੈ ਜਗਤਪੁਰ, ਇਫਟੂ ਦਫਤਰ ਸਕੱਤਰ ਜੋਗਿੰਦਰਪਾਲ ਘੁਰਾਲਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਜ਼ਿਲ੍ਹਾ ਆਗੂ ਮੇਜ਼ਰ ਸਿੰਘ ਕੋਟ ਟੋਡਰਮੱਲ, ਸੂਬਾ ਸਿੰਘ ਸੇਵਾਮੁਕਤ ਅਧਿਆਪਕ, ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ਼ ਸਿੰਘ ਪੱਡਾ, ਜਮਹੂਰੀ ਅਧਿਕਾਰ ਸਭਾ ਦੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸ਼ਤਰੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈੱਸ ਸਕਤੱਰ ਅਮਰ ਕ੍ਰਾਂਤੀ ਨੇ ਸੰਬੋਧਨ ਕੀਤਾ। ਇਸ ਮੌਕੇ ਗੁਰਮੀਤ ਰਾਜ ਪਾਹੜਾ, ਡਾਕਟਰ ਸਤਿੰਦਰ ਸਿੰਘ, ਹਰਦੀਪ ਰਾਜ, ਜੋਗਿੰਦਰ ਪਾਲ ਪਨਿਆੜ, ਗੁਰਵਿੰਦਰ ਕੌਰ ਸ਼ਾਹਪੁਰ ਕੋਟਲੀ, ਕਾਂਤਾ ਦੇਵੀ ਭੁੱਲਰ, ਨੀਰੂ ਬਾਲਾ ਗੁਰਦਾਸਪੁਰ ਭਾਈਆਂ, ਕਮਲ ਕਿਸ਼ੋਰ, ਮੰਗਲ ਬਰਿਆਰ ਸੂਰਤੀ ਲਾਲ ਪੰਡੋਰੀ ਵੀਨਾ ਦੇਵੀ ਬਹਿਰਾਮਪੁਰ, ਸੰਦੀਪ ਹੱਲਾਬੋਧ ਰਾਜ ਹਾਜ਼ਰ ਸਨ।