ਡੇਰਾ ਸੱਚਾ ਸੌਦਾ ਵਿਖੇ ਸ਼ੁਰੂ ਹੋਇਆ ਹਫਤਾ ਭਰ ਚੱਲਣ ਵਾਲਾ ਮੁਫ਼ਤ ਸਿਹਤ ਜਾਂਚ ਕੈਂਪ
ਅਸ਼ੋਕ ਵਰਮਾ
ਸਿਰਸਾ, 13 ਜਨਵਰੀ 2026: ਡੇਰਾ ਸੱਚਾ ਸੌਦਾ ਦੇ ਦੂਸਰੇ ਮੁਖੀ ਮਰਹੂਮ ਸ਼ਾਹ ਸਤਿਨਾਮ ਸਿੰਘ ਦੇ ਜਨਮ ਮਹੀਨੇ ਮੌਕੇ ਡੇਰਾ ਸਿਰਸਾ ਵਿਖੇ ਹਫਤਾ ਭਰ ਚੱਲਣ ਵਾਲਾ ਮੁਫਤ ਸਿਹਤ ਜਾਂਚ ਕੈਂਪ ਸ਼ੁਰੂ ਹੋ ਗਿਆ ਹੈ। ਇਸ ਕੈਂਪਰ ਵਿੱਚ ਆਪੋ ਆਪਣੀ ਜਾਂਚ ਕਰਵਾਉਣ ਲਈ ਦੂਰ-ਦੂਰ ਤੋਂ ਮਰੀਜ਼ ਪੁੱਜ ਰਹੇ ਹਨ ਜਿਨ੍ਹਾਂ ਲਈ ਡੇਰਾ ਪ੍ਰਬੰਧਕਾਂ ਨੇ ਰਿਹਾਇਸ਼ ਅਤੇ ਖਾਣ ਪੀਣ ਦੇ ਢੁਕਵੇਂ ਪ੍ਰਬੰਧ ਕੀਤੇ ਹਨ। ਡੇਰਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀਆਂ ਹਦਾਇਤਾਂ ਤੇ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ ਕਾਰਜਾਂ ਦੀ ਇੱਕ ਹੋਰ ਕੜੀ ਜੋੜਦੇ ਹੋਏ ਇਹ ਕੈਂਪ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਸ਼ੁਰੂ ਹੋਇਆ ਹੈ । ਕੈਂਪ ਦੇ ਪਹਿਲੇ ਦਿਨ ਈਐੱਨਟੀ (ਕੰਨ, ਨੱਕ ਅਤੇ ਗਲ) ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਮਾਹਿਰ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ, ਜਿਸ ਵਿੱਚ ਸੈਂਕੜੇ ਲੋਕਾਂ ਨੇ ਲਾਭ ਉਠਾਇਆ।
ਪਹਿਲੇ ਦਿਨ ਈਐੱਨਟੀ ਮਾਹਿਰ ਡਾ. ਸਰਲ ਆਹੂਜਾ, ਡਾ. ਸੁਮਿਤ ਸਮੇਤ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਮਾਹਿਰਾਂ ਦੀ ਟੀਮ ਨੇ ਮਰੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਅਤੇ ਢੁਕਵੀਂ ਸਲਾਹ ਅਤੇ ਇਲਾਜ ਪ੍ਰਦਾਨ ਕੀਤਾ, ਜਿਸ ਨਾਲ ਗ਼ਰੀਬਾਂ, ਲੋੜਵੰਦਾਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਜਾਂਚ ਸਬੰਧੀ ਵੱਡੀ ਸਹੂਲਤ ਮਿਲੀ। ਕੈਂਪ ’ਚ ਪਹੁੰਚੇ ਮਰੀਜ਼ਾਂ ਨੇ ਮੁਫ਼ਤ ਅਤੇ ਉੱਚ-ਗੁਣਵੱਤਾ ਵਾਲੀਆਂ ਡਾਕਟਰੀ ਸੇਵਾਵਾਂ ਲਈ ਡੇਰਾ ਸੱਚਾ ਸੌਦਾ ਦਾ ਧੰਨਵਾਦ ਕੀਤਾ। ਡੇਰਾ ਸੱਚਾ ਸੌਦਾ ਵੱਲੋਂ ਸਮੇਂ-ਸਮੇਂ ’ਤੇ ਲਾਏ ਜਾਣ ਵਾਲੇ ਅਜਿਹੇ ਪਰਮਾਰਥੀ ਸਿਹਤ ਕੈਂਪ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਬਿਹਤਰ ਸਿਹਤ ਸੰਭਾਲ ਪ੍ਰਦਾਨ ਕਰਨ ਦਾ ਇੱਕ ਸ਼ਕਤੀਸ਼ਾਲੀ ਸਾਧਨ ਬਣ ਰਹੇ ਹਨ।
ਮਾਨਵਤਾ ਭਲਾਈ ਤਹਿਤ ਕੈਂਪ
ਇਹ ਕੈਂਪ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 170 ਮਾਨਵਤਾ ਭਲਾਈ ਦੇ ਕਾਰਜਾਂ ਦਾ ਹਿੱਸਾ ਹੈ, ਜੋ ਆਧੁਨਿਕ ਤਕਨਾਲੋਜੀ ਨਾਲ ਲੈਸ ਮੁਫਤ ਇਲਾਜ ਅਤੇ ਜਾਂਚ ਦੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ। ਇਹ ਮੁਫਤ ਸਿਹਤ ਕੈਂਪ ਲੋੜਵੰਦਾਂ ਲਈ ਇੱਕ ਵੱਡੀ ਸੌਗਾਤ ਸਾਬਤ ਹੋ ਰਿਹਾ ਹੈ, ਹਜ਼ਾਰਾਂ ਨੂੰ ਬਿਹਤਰ ਅਤੇ ਵਧੇਰੇ ਪਹੁੰਚਯੋਗ ਸਿਹਤ ਸੰਭਾਲ ਪ੍ਰਦਾਨ ਕਰ ਰਿਹਾ ਹੈ। ਇਸ ਸਿਹਤ ਕੈਂਪ ਲੜੀ ਦੇ ਤਹਿਤ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਹਫ਼ਤਾ ਭਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਤੋਂ ਲਾਭ ਉਠਾ ਸਕਣ।
ਕੈਂਪ ਦੀ ਸਮਾਂ-ਸਾਰਣੀ
13 ਜਨਵਰੀ (ਮੰਗਲਵਾਰ): ਦੰਦਾਂ ਦੇ ਰੋਗਾਂ ਦੀ ਜਾਂਚ
14 ਜਨਵਰੀ (ਬੁੱਧਵਾਰ): ਹੱਡੀਆਂ ਦੇ ਰੋਗਾਂ ਦੀ ਜਾਂਚ
15 ਜਨਵਰੀ (ਵੀਰਵਾਰ): ਗਾਇਨੀਕੋਲੋਜੀਕਲ ਜਾਂਚ
16 ਜਨਵਰੀ (ਸ਼ੁੱਕਰਵਾਰ): ਦਿਲ ਦੇ ਰੋਗਾਂ ਦੀ ਜਾਂਚ
17 ਜਨਵਰੀ (ਸ਼ਨਿੱਚਰਵਾਰ): ਗਠੀਆ ਅਤੇ ਜੋੜਾਂ ਦੇ ਰੋਗਾਂ ਦੀ ਜਾਂਚ
18 ਜਨਵਰੀ (ਐਤਵਾਰ): ਅੱਖਾਂ, ਚਮੜੀ ਅਤੇ ਨਿਊਰੋਲੋਜੀ (ਦਿਮਾਗ ਅਤੇ ਨਸਾਂ) ਦੇ ਰੋਗਾਂ ਦੀ ਜਾਂਚ