ਫਿਰੋਜ਼ਪੁਰ ਦੇ 10 ਸਾਲਾ ਮਾਸਟਰ ਸ਼ਰਵਣ ਸਿੰਘ ਸਾਹਸ, ਸੇਵਾ ਅਤੇ ਸਿੱਖ ਰਿਵਾਇਤ ਦੀ ਸ਼ਾਨ :ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 26 ਦਸੰਬਰ, 2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡ ਚੱਕ ਤਾਰ ਵਾਲੀ ਦੇ ਰਹਿਣ ਵਾਲੇ 10 ਸਾਲਾ ਮਾਸਟਰ ਸ਼ਰਵਣ ਸਿੰਘ ਨੂੰ ਉਨ੍ਹਾਂ ਦੀ ਅਸਾਧਾਰਣ ਬਹਾਦੁਰੀ, ਸੂਝ-ਬੂਝ ਅਤੇ ਨਿਸ਼ਕਾਮ ਸੇਵਾ ਦੇ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕਰਨ ਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਬੱਚੇ ਭਾਰਤ ਦੇਸ਼ ਦਾ ਮਾਣ ਹਨ ਅਤੇ ਭਵਿੱਖ ਦੇ ਭਾਰਤ ਦੀ ਮਜ਼ਬੂਤ ਨੀਂਹ ਹਨ। ਇਹ ਸਨਮਾਨ ਮਾਸਟਰ ਸ਼ਰਵਣ ਸਿੰਘ ਨੂੰ ਅੱਜ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਦਿੱਤਾ ਗਿਆ ਹੈ।
ਸਰਦਾਰ ਕਾਲਕਾ ਨੇ ਦੱਸਿਆ ਕਿ ਮਾਸਟਰ ਸ਼ਰਵਣ ਸਿੰਘ ਨੂੰ ਮਈ 2025 ਦੌਰਾਨ ਹੋਈ ਓਪਰੇਸ਼ਨ ਸਿੰਦੂਰ ਸਮੇਂ ਦਰਸਾਈ ਗਈ ਉਸ ਦੀ ਅਸਧਾਰਣ ਹਿੰਮਤ, ਹਾਜ਼ਰ ਦਿਮਾਗੀ ਅਤੇ ਮਨੁੱਖੀ ਜ਼ਿੰਦਗੀਆਂ ਦੀ ਰੱਖਿਆ ਲਈ ਕੀਤੀ ਨਿਸ਼ਕਾਮ ਸੇਵਾ ਦੇ ਮੱਦੇਨਜ਼ਰ ਇਹ ਗੌਰਵਮਈ ਸਨਮਾਨ ਦਿੱਤਾ ਗਿਆ ਹੈ। ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇੰਨੀ ਨਿੱਕੀ ਉਮਰ ਵਿੱਚ ਦਿਖਾਇਆ ਗਿਆ ਇਹ ਸਾਹਸ ਸਿਰਫ਼ ਸਲਾਘਾਯੋਗ ਜੋਗ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਪ੍ਰੇਰਣਾਸਰੋਤ ਹੈ।
ਉਨ੍ਹਾਂ ਨੇ ਕਿਹਾ ਕਿ ਮਾਸਟਰ ਸ਼ਰਵਣ ਸਿੰਘ ਦੀ ਬਹਾਦੁਰੀ ਸਿੱਖ ਕੌਮ ਦੀ ਉਸ ਮਹਾਨ ਰਿਵਾਇਤ ਦਾ ਜੀਤਾ-ਜਾਗਦਾ ਪ੍ਰਤੀਕ ਹੈ, ਜਿਸ ਵਿੱਚ ਚੁੱਪ ਚਾਪ ਤਾਕਤ, ਸੇਵਾ-ਭਾਵਨਾ ਅਤੇ ਅਡਿੱਗ ਦ੍ਰਿੜਤਾ ਨੂੰ ਸਭ ਤੋਂ ਵੱਡੀ ਨੇਕੀ ਮੰਨਿਆ ਜਾਂਦਾ ਹੈ। ਇਹ ਸਨਮਾਨ ਨਵੀਂ ਪੀੜ੍ਹੀ ਨੂੰ ਮਨੁੱਖਤਾ ਦੀ ਸੇਵਾ ਅਤੇ ਦੇਸ਼ ਪ੍ਰਤੀ ਫਰਜ਼ ਨਿਭਾਉਣ ਲਈ ਉਤਸ਼ਾਹਿਤ ਕਰੇਗਾ।