Babushahi Special ਸਿਆਸੀ ਦ੍ਰਿਸ਼ਾਵਲੀ : ਛੋਟੇ ਬਾਦਲ ਲਈ ਵੱਡੀਆਂ ਚੁਣੌਤੀਆਂ ’ਤੇ ਘਰੇਲੂ ਪ੍ਰੇਸ਼ਾਨੀਆਂ ਬਣਿਆ ਸਾਲ 2025
ਅਸ਼ੋਕ ਵਰਮਾ
ਬਠਿੰਡਾ, 25 ਦਸੰਬਰ 2025: ਅਲਵਿਦਾ ਹੋਣ ਵਾਲਾ ਸਾਲ 2025 ਸ਼੍ਰੋਮਣੀ ਅਕਾਲੀ ਦਲ ਲਈ ਪੰਜਾਬ ਦੇ ਰਾਜਸੀ ਅਤੇ ਧਾਰਮਿਕ ਧਰਾਤਲ ’ਤੇ ਉੱਥਲ ਪੁਥਲ ਦਾ ਸਾਲ ਹੋ ਨਿਬੜਿਆ ਹੈ। ਖਾਸ ਤੌਰ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਤਾਂ ਇਹ ਸਾਲ ਚੱਕਰਵਿਊ ’ਚ ਫਸਣ ਵਾਂਗ ਹੀ ਰਿਹਾ ਹੈ। ਇਸ ਦੇ ਬਾਵਜੂਦ 2025 ਨੇ ਸੁਖਬੀਰ ਨੂੰ ਆਪਣੀ ਸਿਆਸੀ ਮੁਹਾਰਤ ਦਿਖਾਉਣ ਦੇ ਕਾਫੀ ਮੌਕੇ ਦਿੱਤੇ ਜਿੰਨ੍ਹਾਂ ਨੂੰ ਉਨ੍ਹਾਂ ਪੱਕੇ ਪੈਰੀ ਹੋਣ ਲਈ ਵਰਤਿਆ। ਇਸ ਸਾਲ ਦੀ ਜਰਖੇਜ਼ ਧਰਤ ’ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀ ਤੇ ਸਫਾਬੰਦੀ ਦੇ ਬੀਜ ਬੀਜੇ ਗਏ ਹਨ। ਕਦੇ ਪੰਜਾਬ ਦੀ ਮੁੱਖ ਰਾਜਸੀ ਧਿਰ ਰਹੇ ਅਕਾਲੀ ਦਲ ਦੀ ਲੀਡਰਸ਼ਿਪ ਖਾਸ ਤੌਰ ਤੇ ਪ੍ਰਧਾਨ ਸੁਖਬੀਰ ਬਾਦਲ ਨੂੰ ਇਸ ਸਾਲ ਆਪਣੇ ਹੀ ਘਰ ਵਿੱਚ ਸਿਆਸੀ ਅਤੇ ਧਾਰਮਿਕ ਮੁਹਾਜ਼ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਉਹ ਵੀ ਉਸ ਵਕਤ ਜਦੋਂ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੀ ਸਰਕਾਰ ’ਚ ਮਲਾਈਦਾਰ ਅਹੁਦਿਆਂ ਦਾ ਆਨੰਦ ਮਾਨਣ ਵਾਲੇ ਪਾਰਟੀ ਦੇ ਹੀ ਕਈ ਲੀਡਰ ਸੁਖਬੀਰ ਖਿਲਾਫ ਸ਼ਕਾਇਤਾਂ ਦਾ ਪਟਾਰਾ ਲੈਕੇ ਸ਼ੀ ਅਕਾਲ ਤਖਤ ਸਾਹਿਬ ਕੋਲ ਪੁੱਜ ਗਏ। ਸ਼ੋਮਣੀ ਅਕਾਲੀ ਦਲ ਦੀ ਸਰਕਾਰ ਦਰਮਿਆਨ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ , ਬਰਗਾੜੀ ਅਤੇ ਕੋਟਕਪੂਰਾ ਗੋਲੀ ਕਾਂਡ ਤੋਂ ਇਲਾਵਾ ਡੇਰਾ ਸਿਰਸਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫੀ ਦੇਣ ਦਾ ਮਾਮਲਾ ਸਿੰਘ ਸਾਹਿਬਾਨ ਕੋਲ ਚੁੱਕਣ ਪਿਛੋਂ ਅਜਿਹੀ ਬਹਿਸ ਛਿੜੀ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਖਿਲਾਰਾ ਪੈ ਗਿਆ। ਹਾਲਾਂਕਿ ਪਿਤਾ ਕੋਲੋਂ ਵਿਰਾਸਤ ’ਚ ਮਿਲੀ ਸਿਆਸੀ ਪ੍ਰੀਪੱਕਤਾ ਦਾ ਮੁਜ਼ਾਹਰਾ ਕਰਦਿਆਂ ਸੁਖਬੀਰ ਬਾਦਲ ਨੇ ਗਲ੍ਹਤੀਆਂ ਆਪਣੀ ਝੋਲੀ ਪੁਆ ਲਈਆਂ ਅਤੇ ਧਾਰਮਿਕ ਸਜ਼ਾ ਭੁਗਤਣ ਪਿੱਛੋਂ ਖੁਦ ਨੂੰ ਕਾਫੀ ਹੱਦ ਤੱਕ ਸੁਰਖਰੂ ਕਰਨ ’ਚ ਸਫਲ ਰਹੇ ਹਨ।
ਹੁਣ ਪਹਿਲਾਂ ਵਾਂਗ ਬੇਅਦਬੀਆਂ ਦੇ ਪੁਰਾਣੇ ਮਾਮਲਿਆਂ ’ਚ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੂਈ ਨਹੀਂ ਟਿਕਦੀ ਹੈ। ਇਹ ਵੱਖਰੀ ਗੱਲ ਹੈ ਕਿ ਆਪਣੀ ਪਾਰਟੀ ਤੋਂ ਨਿਕਲਣ ਉਪਰੰਤ ਬਣੇ ਵਿਰੋਧੀਆਂ ਨੇ ਆਪਣਾ ਵੱਖਰਾ ਅਕਾਲੀ ਦਲ ਬਣਾਕੇ ਹੀ ਸਾਹ ਲਿਆ। ਸੁਖਬੀਰ ਬਾਦਲ ਤੇ ਸਾਲ ਭਰ ਪਾਰਟੀ ਤੇ ਕਬਜਾ ਕਰਨ ਦੇ ਦੋਸ਼ ਲੱਗਦੇ ਰਹੇ ਹਨ ਪਰ ਦੋ ਅਕਾਲੀ ਦਲਾਂ ਦੇ ਰੌਲੇ ਘਚੌਲੇ ਦਰਮਿਆਨ ਖੜਾਵਾਂ ਉਨ੍ਹਾਂ ਦੇ ਪੈਰੀਂ ਹੀ ਪਈਆਂ। ਧਾਰਮਿਕ ਸਜਾ ਦੌਰਾਨ ਹਮਲਾ ਹੋਣ ਦੇ ਬਾਵਜੂਦ ਪੂਰਾ ਸਾਲ ਸੁਖਬੀਰ ਨੇ ਕਰੜੀ ਮੁਸ਼ੱਕਤ ਜਾਰੀ ਰੱਖੀ ਜਿਸ ਦਾ ਫਲ ਅਕਾਲੀ ਦਲ ਨੂੰ ਇਸ ਸਾਲ ਹੋਈਆਂ ਚੋਣਾਂ ’ਚ ਮਿਲਿਆ ਹੈ। ਤਰਨ ਤਾਰਨ ਜਿਮਨੀ ਚੋਣ ਮੌਕੇ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਮਿਲੇ ਭਰਵੇਂ ਹੁੰਗਾਰੇ ਨੇ ਪਾਰਟੀ ਦੇ ਵਿਹੜੇ ’ਚ ਲੰਮੇਂ ਸਮੇ ਬਾਅਦ ਖੁਸ਼ੀਆਂ ਮਹਿਕਾਉਣ ਦਾ ਕੰਮ ਕੀਤਾ।
ਇਸੇ ਸਾਲ ਹੋਈਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੰਜਾਬੀਆਂ ਵੱਲੋਂ ਦਿੱਤੀ ਹਮਾਇਤ ਵੀ ਪਾਰਟੀ ਲਈ ਸੰਜੀਵਨੀ ਬਣੀ । ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਨਾਂ ਹੋਣ ਦੇ ਬਾਵਜੂਦ ਪੰਜਾਬ ਦੀ ਨਵੀਂ ਰਾਜਸੀ ਪੀੜੀ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੱਤਾ ਦੀ ਗੈਰ ਹਾਜ਼ਰੀ ਵਿੱਚ ਹਾਕਮ ਧਿਰ ਦੀ ਵਿਰੋਧਤਾ ਦਾ ਕੇਂਦਰ ਬਿੰਦੂ ਬਣੇ ਰਹੇੇ ਜਦੋਂਕਿ ਬਣਨਾ ਕਾਂਗਰਸ ਨੂੰ ਚਾਹੀਦਾ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਪਤੀਆਂ ਦੇ ਬਾਵਜੂਦ ਇਸ ਸਾਲ ਸਿਆਸੀ ਝਟਕਿਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਸੁਖਬੀਰ ਬਾਦਲ ਦੇ ਸਾਲੇ ਅਤੇ ਅਕਾਲੀ ਦਲ ਦੇ ਕੱਦਵਾਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸਰੋਤਾਂ ਤੋਂ ਵੱਧ ਜਾਇਦਾਦ ਬਨਾਉਣ ਦੇ ਮਾਮਲੇ ’ਚ ਜੇਲ੍ਹ ਜਾਣ ਕਾਰਨ ਪਾਰਟੀ ਨੂੰ ਨਮੋਸ਼ੀ ਝੱਲਣੀ ਪਈ ਹੈ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਕਿਸੇ ਵੀ ਅਦਾਲਤ ਤੋਂ ਰਾਹਤ ਨਾਂ ਮਿਲਣ ਕਾਰਨ ਬਿਕਰਮ ਸਿੰਘ ਮਜੀਠੀਆ ਪਿਛਲੇ ਛੇ ਮਹੀਨਿਆਂ ਤੋਂ ਨਾਭਾ ਦੀ ਨਵੀਂ ਜੇਲ੍ਹ ਵਿੱਚ ਬੰਦ ਹਨ ਅਤੇ ਮਾਮਲਾ ਕਥਿਤ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਣ ਕਰਕੇ ਪਾਰਟੀ ਲੀਡਰਸ਼ਿਪ ਚਾਹੁੰਦਿਆਂ ਵੀ ਕੁੱਝ ਨਹੀਂ ਕਰ ਪਾ ਰਹੀ ਹੈ। ਤਿੰਨ ਖੇਤੀ ਕਾਨੂੰਨਾਂ ਖਿਲਾਫ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਟੁੱਟਿਆ ਸਿਆਸੀ ਗਠਜੋੜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਪਸੀ ਸਬੰਧਾਂ ਨੂੰ ਕੋਈ ਵੱਡੀ ਰਾਹਤ ਦੇਕੇ ਨਹੀਂ ਜਾ ਰਿਹਾ ਹੈ। ਕਈ ਵਾਰ ਦੋਵਾਂ ਧਿਰਾਂ ਵਿਚਕਾਰ ਗੱਠਜੋੜ ਦੀ ਚਰਚਾ ਛਿੜੀ ਪਰ ਇਸ ਸੰਭਾਵੀ ਸਿਆਸੀ ਮਿਲਾਪ ਦੇ ਹਾਮੀਆਂ ਦੀ ਗਿਣਤੀ ਕਾਫੀ ਵੱਡੀ ਹੋਣ ਦੇ ਬਾਵਜੂਦ ਇੰਨ੍ਹਾਂ ਚਰਚਿਆਂ ਨੂੰ ਬੂਰ ਨਾਂ ਪੈ ਸਕਿਆ । ਉਡੀਕ ਅਤੇ ਮੰਗ ਉੱਠਣ ਤੋਂ ਬਾਅਦ ਵੀ ਇਸੇ ਸਾਲ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਨਹੀਂ ਕਰਵਾਈਆਂ ਗਈਆਂ ।
ਭਾਵੇਂ ਦੂਜੀਆਂ ਰਾਜਸੀ ਪਾਰਟੀਆਂ ਇਨ੍ਹਾਂ ਚੋਣਾਂ ਲਈ ਸਿੱਧੀ ਦਿਲਚਸਪੀ ਨਹੀਂ ਲੈਂਦੀਆਂ ਪਰ ਅਕਾਲੀ ਧੜਿਆਂ ਅਤੇ ਖਾਸ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਇਨ੍ਹਾਂ ਚੋਣਾਂ ਦੀ ਵੱਡੀ ਅਹਿਮੀਅਤ ਹੈ। ਇਹੋ ਕਾਰਨ ਹੈ ਕਿ ਜਦੋਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਤਾਂ ਵਿਰੋਧੀ ਧਿਰਾਂ ਪ੍ਰਧਾਨਗੀ ਬਾਦਲਾਂ ਦੇ ਲਿਫਾਫੇ ਚੋਂ ਨਿਕਲਣ ਦੇ ਦੋਸ਼ ਲਾਉਂਦੀਆਂ ਰਹੀਆਂ ਹਨ। ਉੱਜ ਇਹ ਵੀ ਹਕੀਕਤ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਸਾਲ ਵਿਰੋਧੀਆਂ ਵੱਲੋਂ ਮੈਦਾਨ ’ਚ ਹੋਣ ਦੇ ਬਾਵਜੂਦ ਪ੍ਰਧਾਨ ਦੀ ਚੋਣ ਮੌਕੇ ਜੇਤੂ ਬਣਿਆ। ਗੁੰਮ ਹੋਏ 328 ਸਰੂਪਾਂ ਦੇ ਮਾਮਲੇ ’ਚ ਦਰਜ ਐਫਆਈਆਰ ਵੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਲਈ ਮੁਸ਼ਕਿਲਾਂ ਲਿਆਈ। ਹੁਣ ਜਦੋਂ ਨਵਾਂ ਸਾਲ ਬਰੂਹਾਂ ਤੇ ਹੈ ਤਾਂ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਤੇ ਨਜ਼ਰਾਂ ਹਨ ਜਿਸ ਦੇ ਤਕੜੇ ਹੋਣ ਦੀ ਦੁਆ ਵਿਰੋਧੀ ਵੀ ਮੰਗਦੇ ਹਨ।