ਮੁਸਲਿਮ ਜਮਾਤ ਅਹਿਮਦੀਆਂ ਦੇ 130ਵੇਂ ਜਲਸਾ ਸਲਾਨਾ ਦੀਆਂ ਤਿਆਰੀਆਂ ਦਾ DIG ਬਾਰਡਰ ਰੇਂਜ ਨੇ ਕੀਤਾ ਨਿਰੀਖਣ
ਰੋਹਿਤ ਗੁਪਤਾ
ਗੁਰਦਾਸਪੁਰ, 26 Dec 2025-
ਅੰਤਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦੇ 130ਵੇਂ ਜਲਸਾ ਸਾਲਾਨਾ ਦੀਆਂ ਤਿਆਰੀਆਂ ਦਾ ਨਰੀਖਣ ਕਰਨ ਲਈ ਅੱਜ ਡੀ ਆਈ ਜੀ ਬਾਡਰ ਰੇਂਜ ਸੰਦੀਪ ਗੋਇਲ ਵਿਸ਼ੇਸ਼ ਤੌਰ 'ਤੇ ਕਾਦੀਆਂ ਪਹੁੰਚੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ 'ਤੇ ਉਨ੍ਹਾਂ ਜਮਾਤ ਅਹਿਮਦੀਆ ਦੇ ਪ੍ਰਭਾਰੀਆਂ ਨਾਲ ਵੀ ਮੁਲਾਕਾਤ ਕੀਤੀ। ਸੰਦੀਪ ਗੋਇਲ ਨੇ ਮੁਸਲਿਮ ਜਮਾਤ ਅਹਿਮਦੀਆ ਨੂੰ ਜਲਸੇ ਦੀ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਜਲਸੇ ਵਿੱਚ ਸ਼ਾਮਿਲ ਹੋਣ ਲਈ ਪੂਰੀ ਦੁਨੀਆਂ ਤੋਂ ਸ਼ਰਧਾਲੂ ਕਾਦੀਆਂ ਆਉਂਦੇ ਹਨ, ਉਨ੍ਹਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਦੀ ਸਾਡੀ ਜ਼ਿੰਮੇਦਾਰੀ ਬਣਦੀ ਹੈ। ਇਸ ਮੌਕੇ ਡਾਕਟਰ ਮਹਿਤਾਬ ਸਿੰਘ ਐਸ ਐਸ ਪੀ ਬਟਾਲਾ, ਸੰਦੀਪ ਐਸ ਪੀ, ਹਰੀਸ਼ ਬਹਿਲ ਅਤੇ ਐਸ ਐਚ ੳ ਕਾਦੀਆਂ ਗੁਰਮੀਤ ਸਿੰਘ ਤੋਂ ਇਲਾਵਾ ਕਈ ਉੱਚ ਅਧਿਕਾਰੀ ਹਾਜ਼ਰ ਸਨ।
ਹੋਰ ਜਾਣਕਾਰੀ ਦਿੰਦਿਆਂ ਸੰਦੀਪ ਗੋਇਲ ਨੇ ਕਿਹਾ ਕਿ ਡੀ ਜੀ ਪੀ ਪੰਜਾਬ ਦੀਆਂ ਹਿਦਾਇਤਾਂ ਮੁਤਾਬਕ ਅਸੀਂ ਅੱਜ ਇੱਥੇ ਪਹੁੰਚੇ ਹਾਂ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ 1000 ਫੋਰਸ ਲਗਾਈ ਗਈ ਹੈ, ਦੂਜੇ ਜ਼ਿਲ੍ਹਿਆਂ ਤੋਂ ਵੀ ਫੋਰਸ ਮੰਗਵਾਈ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਿਆ ਜਾ ਸਕੇ। 20 ਗਜ਼ਟਿਡ ਅਫਸਰ 40 ਇੰਸਪੈਕਟਰ ਜੋ 24 ਘੰਟੇ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਕਈ ਏਜੰਸੀਆਂ ਦੀ ਵੀ ਨਜ਼ਰ ਰਹੇਗੀ।
ਇਸ ਏਰੀਏ ਨੂੰ ਤਿੰਨ ਸੈਕਟਰਾਂ ਵਿੱਚ ਵੰਡਿਆ ਹੋਇਆ ਹੈ, ਹਰ ਸੈਕਟਰ ਦਾ ਵੱਖਰਾ-ਵੱਖਰਾ ਇੰਚਾਰਜ ਲਗਾਇਆ ਗਿਆ ਹੈ ਤਾਂ ਜੋ ਸ਼ਾਂਤਮਈ ਢੰਗ ਨਾਲ ਇਹ ਜਲਸਾ ਹੋ ਸਕੇ। ਇਸ ਵਿੱਚ ਜਮਾਤ ਅਹਿਮਦੀਆ ਵੀ ਸਾਡੇ ਨਾਲ ਯੋਗਦਾਨ ਦੇ ਰਹੇ ਹਨ। ਅਖੀਰ ਵਿੱਚ ਡੀ ਆਈ ਜੀ ਨੇ ਸ਼ਹਿਰ ਨਿਵਾਸੀਆਂ ਨੂੰ ਜਲਸੇ ਅਤੇ ਕ੍ਰਿਸਮਿਸ ਦੀ ਵਧਾਈ ਦਿੱਤੀ, ਨਾਲ ਹੀ ਨਵੇਂ ਸਾਲ ਦੀ ਵੀ ਵਧਾਈ ਦਿੱਤੀ।