ਇਨਕਲਾਬੀ ਕੇਂਦਰ ਅਤੇ ਲੋਕ ਮੋਰਚਾ ਵੱਲੋਂ ਨਿੱਜੀਕਰਨ ਦੇ ਹਮਲੇ ਵਿਰੁੱਧ ਕਨਵੈਂਸ਼ਨ ਅਤੇ ਮੁਜ਼ਾਹਰਾ
ਅਸ਼ੋਕ ਵਰਮਾ
ਬਰਨਾਲਾ, 25 ਦਸੰਬਰ 2025 :ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਦੇ ਸੱਦੇ ਉੱਤੇ ਵਿਸ਼ਾਲ ਕਨਵੈਂਸ਼ਨ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਹੋਰ ਜਨਤਕ ਜਥੇਬੰਦੀਆਂ ਦੇ ਵਰਕਰ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਔਰਤਾਂ ਵੀ ਵੱਡੀ ਗਿਣਤੀ ਚ ਸ਼ਾਮਿਲ ਹੋਈਆਂ। ਇਸ ਕਨਵੈਂਸ਼ਨ ਵਿੱਚ ਕੇਂਦਰ ਹਕੂਮਤ ਵੱਲੋਂ ਪੇਸ਼ ਕੀਤੇ ਬਿਜਲੀ ਸੋਧ ਬਿੱਲ, ਨਵਾਂ ਬੀਜ ਬਿੱਲ ,ਕਿਰਤ ਸਬੰਧੀ ਚਾਰ ਕੋਡ ਪਾਸ ਕਰਨ ਅਤੇ ਕੇਂਦਰ ਹਕੂਮਤ ਦੀ ਨਿਜੀ ਕਰਨ ਦੀ ਨੀਤੀ ਦਾ ਜੋਰਦਾਰ ਵਿਰੋਧ ਕੀਤਾ ਗਿਆ। ਇਸ ਕਨਵੈਂਸ਼ਨ ਨੂੰ ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਮਾਸਟਰ ਜਗਮੇਲ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂ ਮੁਖਤਿਆਰ ਸਿੰਘ ਪੂਹਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਲੋਕ ਮੋਰਚਾ ਪੰਜਾਬ ਦੀ ਆਗੂ ਸ਼ੀਰੀਂ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਮੋਦੀ ਹਕੂਮਤ ਸਾਮਰਾਜੀ ਦੇਸ਼ਾਂ, ਬਹੁ ਰਾਸ਼ਟਰੀ ਕੰਪਨੀਆਂ ਅਤੇ ਭਾਰਤ ਦੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਦੇ ਉੱਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਇਹ ਕਾਨੂੰਨ ਲਿਆ ਰਹੀ ਹੈ ਤਾਂ ਕਿ ਲੋਕਾਂ ਉੱਤੇ ਵੱਧ ਤੋਂ ਵੱਧ ਆਰਥਿਕ ਬੋਝ ਪਾ ਕੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਅਤੇ ਮੁਨਾਫ਼ਿਆਂ ਨੂੰ ਦੂਣ ਸਵਾਇਆ ਕੀਤਾ ਜਾਵੇ।
ਇਹਨਾਂ ਆਗੂਆਂ ਨੇ ਮੋਦੀ ਹਕੂਮਤ ਵੱਲੋਂ ਸਾਮਰਾਜੀ ਦੇਸ਼ਾਂ ਨਾਲ ਕੀਤੇ ਜਾ ਰਹੇ ਖੁੱਲੇ ਵਪਾਰ ਦੇ ਸਮਝੌਤੇ ਅਤੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੇ ਕੁਦਰਤੀ ਸ੍ਰੋਤਾਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਅਤੇ ਵਾਤਾਵਰਨ ਦਾ ਸੱਤਿਆਨਾਸ ਕਰਨ ਵਾਲੀਆਂ ਅਖੌਤੀ ਵਿਕਾਸ ਦੀਆਂ ਨੀਤੀਆਂ ਦੀ ਜ਼ੋਰਦਾਰ ਨਿਖੇਧੀ ਕੀਤੀ। ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਦਬਾਉਣ ਖਾਸ ਕਰਕੇ ਆਦਿਵਾਸੀ ਖੇਤਰ ਦੇ ਲੋਕਾਂ ਉੱਤੇ ਅੰਧਾ ਧੁੰਦ ਜਬਰ ਕਰਨ, ਦੇਸ਼ ਦੀਆਂ ਜ਼ਮੀਨਾਂ ਨੂੰ ਸਸਤੇ ਭਾਅ ਤੇ ਹਥਿਆਉਣ ਅਤੇ ਅਤੇ ਮਨਰੇਗਾ ਕਾਨੂੰਨ ਨੂੰ ਸੋਧ ਕੇ ਪੇਂਡੂ ਗਰੀਬਾਂ ਦਾ ਰੁਜ਼ਗਾਰ ਦਾ ਹੱਕ ਖੋਹਣ ਅਤੇ ਕਿਰਤੀਆਂ ਸਬੰਧੀ ਬਣੇ ਕਾਨੂੰਨਾਂ ਨੂੰ ਸੋਧ ਕੇ ਚਾਰ ਕੋਡਾਂ ਵਿੱਚ ਬਦਲਣ ਦਾ ਫ਼ੈਸਲਾ ਕਰਕੇ ਉਨ੍ਹਾਂ ਦੇ ਜਮਹੂਰੀ ਹੱਕਾਂ 'ਤੇ ਡਾਕਾ ਮਾਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਨ੍ਹਾਂ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਕਨਵੈਂਸ਼ਨ ਵਿੱਚ ਜੇਲ੍ਹਾਂ ਦੇ ਵਿੱਚ ਡੱਕੇ ਬੁੱਧੀਜੀਵੀਆਂ, ਪੱਤਰਕਾਰਾਂ, ਸਮਾਜਿਕ ਕਾਰਕੁਨਾਂ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਉਲਝਾਉਣ ਅਤੇ ਕਾਲੇ ਕਾਨੂੰਨਾਂ ਤਹਿਤ ਜੇਲ੍ਹਾਂ ਵਿੱਚ ਡੱਕਣ ਦਾ ਵਿਰੋਧ ਕਰਦਿਆਂ ਇਨ੍ਹਾਂ ਆਗੂਆਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ। ਕਨਵੈਂਸ਼ਨ ਦੇ ਵਿੱਚ ਪਾਸ ਕੀਤੇ ਮਤਿਆਂ 'ਚ ਇਹ ਮੰਗ ਕੀਤੀ ਗਈ ਕਿ ਫ਼ਿਰਕੂ ਦੰਗਿਆਂ ਦੇ ਦੋਸ਼ੀਆਂ ਅਤੇ ਕੁਲਦੀਪ ਸੈਂਗਰ ਵਰਗੇ ਘਲਾਉਣੇ ਜੁਰਮਾਂ ਦੇ ਦੋਸ਼ੀਆਂ ਦੀ ਸਜ਼ਾ ਮੁਅੱਤਲ ਕਰਨ ਜਾਂ ਮਾਨ ਸਨਮਾਨ ਨਾਲ ਰਿਹਾਅ ਕਰਨ ਦੀ ਵੀ ਨਿੰਦਿਆ ਕਰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕਨਵੈਂਸ਼ਨ ਦੁਆਰਾ ਪਾਸ ਕਤੇ ਮਤੇ 'ਚ ਮੰਗ ਕੀਤੀ ਗਈ ਕਿ ਦੇਸ਼ ਅੰਦਰ ਫ਼ਿਰਕਾ ਪ੍ਰਸਤੀ ਭੜਕਾ ਕੇ ਧਾਰਮਿਕ ਵੰਡੀਆਂ ਪਾਉਣਾ ਅਤੇ ਧਾਰਮਿਕ ਘੱਟ ਗਿਣਤੀਆਂ ਉੱਤੇ ਜ਼ਬਰ ਬੰਦ ਕੀਤਾ ਜਾਵੇ। ਬੁਲਾਰਿਆਂ ਨੇ ਲੋਕਾਂ ਨੂੰ ਇਹਨਾਂ ਹਮਲਿਆਂ ਖਿਲਾਫ਼ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਸਟੇਜ ਸੰਚਾਲਨ ਇਨਕਲਾਬੀ ਕੇਂਦਰ ਦੇ ਆਗੂ ਡਾਕਟਰ ਰਜਿੰਦਰ ਨੇ ਕੀਤਾ। ਅੰਤ ਵਿੱਚ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।