ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਖਿਡੌਣਾ ਮੁਹਿੰਮ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਕਲੱਬ 16 ਨਿਊਟਨ ਦੀ ਟੀਮ ਦਾ ਸਨਮਾਨ
ਹਰਦਮ ਮਾਨ
ਸਰੀ, 25 ਦਸੰਬਰ 2025-ਸਮਾਜ ਸੇਵਾ ਅਤੇ ਮਨੁੱਖੀ ਸਰੋਕਾਰਾਂ ਪ੍ਰਤੀ ਅਟੱਲ ਵਚਨਬੱਧਤਾ ਦੀ ਮਿਸਾਲ ਕਾਇਮ ਕਰਦਿਆਂ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਕਲੱਬ 16 ਨਿਊਟਨ ਦੇ ਮੈਨੇਜਰ ਅੰਕਿਤ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਛੋਟੇ ਸਾਹਿਬਜ਼ਾਦਿਆਂ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਚੱਲ ਰਹੀ ਟੁਆਏ ਡਰਾਈਵ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਨਿਸ਼ਕਾਮ ਅਤੇ ਸਰਾਹਣਯੋਗ ਯੋਗਦਾਨ ਦੇ ਸਨਮਾਨ ਵਜੋਂ ਭੇਟ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕਲੱਬ 16 ਨਿਊਟਨ ਵੱਲੋਂ 10 ਦਸੰਬਰ ਤੋਂ 22 ਦਸੰਬਰ ਤੱਕ ਆਪਣੀ ਅਲੱਗ ਟੁਆਏ ਡਰਾਈਵ ਚਲਾਈ ਗਈ, ਜਿਸ ਦੌਰਾਨ ਇਕੱਠੇ ਕੀਤੇ ਗਏ ਬੇਸ਼ੁਮਾਰ ਖਿਡੌਣੇ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਨੂੰ ਸੌਂਪੇ ਗਏ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਸਾਰੇ ਖਿਡੌਣੇ ਨਵੇਂ ਸਾਲ ਵਿੱਚ ਬੀਸੀ ਚਿਲਡਰਨਜ਼ ਹਸਪਤਾਲ ਨੂੰ ਦਾਨ ਕੀਤੇ ਜਾਣਗੇ, ਤਾਂ ਜੋ ਬਿਮਾਰੀ ਨਾਲ ਜੂਝ ਰਹੇ ਨਿੱਕੇ-ਨਿੱਕੇ ਬੱਚਿਆਂ ਦੇ ਮਨਾਂ ਵਿੱਚ ਆਸ, ਹੌਂਸਲਾ ਅਤੇ ਰੌਸ਼ਨੀ ਦੀ ਕਿਰਨ ਭਰੀ ਜਾ ਸਕੇ।
ਇਸ ਸਨਮਾਨ ਸਮਾਗਮ ਦੌਰਾਨ ਜਸਵਿੰਦਰ ਸਿੰਘ ਦਿਲਾਵਰੀ, ਹਰਪ੍ਰੀਤ ਸਿੰਘ ਮਨਕਟਲਾ, ਬਲਜੀਤ ਸਿੰਘ ਰਾਏ, ਗੁਲਾਬ ਅਰੋੜਾ ਅਤੇ ਸੁਰਿੰਦਰ ਸਿੰਘ ਜੱਬਲ (ਸਾਬਕਾ ਪ੍ਰਧਾਨ, ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ) ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਮਹੱਤਵਪੂਰਨ ਬਣਾਇਆ। ਬੁਲਾਰਿਆਂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕੀਤੀ ਜਾ ਰਹੀ ਇਹ ਸੇਵਾ ਸਿਰਫ਼ ਦਾਨ ਨਹੀਂ, ਸਗੋਂ ਮਨੁੱਖਤਾ, ਦਰਦ ਅਤੇ ਸਾਂਝੇਪਣ ਦਾ ਜੀਵੰਤ ਪ੍ਰਗਟਾਵਾ ਹੈ।
ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਟੁਆਏ ਡਰਾਈਵ 30 ਦਸੰਬਰ 2025 ਤੱਕ ਜਾਰੀ ਰਹੇਗੀ। ਅਖੀਰ ’ਚ ਸਮੂਹ ਸਮਾਜ ਨੂੰ ਦਿਲੀ ਅਪੀਲ ਕੀਤੀ ਗਈ ਕਿ ਵੱਧ ਚੜ੍ਹ ਕੇ ਇਸ ਪਵਿੱਤਰ ਉਪਰਾਲੇ ਨਾਲ ਜੁੜਿਆ ਜਾਵੇ ਤਾਂ ਜੋ ਹਰ ਖਿਡੌਣਾ ਕਿਸੇ ਨਿੱਕੇ ਚਿਹਰੇ ’ਤੇ ਮੁਸਕਰਾਹਟ ਅਤੇ ਦਿਲ ਵਿੱਚ ਨਵਾਂ ਹੌਂਸਲਾ ਭਰ ਸਕੇ।