ਨਾਮਵਰ ਕਵੀ ਬਲਬੀਰ ਜਲਾਲਾਬਾਦੀ ਦਾ ਦੇਹਾਂਤ; ਜਲਾਲਾਬਾਦੀ ਦੇ ਤੁਰ ਜਾਣ ਤੇ ਪਿਆ ਨਾ ਪੂਰਾ ਹੋਣ ਵਾਲ਼ਾ ਘਾਟਾ: ਗੁਰਚਰਨ ਸਿੰਘ ਚੰਨ ਪਟਿਆਲਵੀ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 24 ਦਸੰਬਰ 2025:- ਪਟਿਆਲਾ ਵਾਸੀ ਉੱਘੇ ਪੰਜਾਬੀ ਕਵੀ ਬਲਬੀਰ ਜਲਾਲਾਬਾਦੀ ਜੀ (64) ਦਾ ਅੱਜ ਸਵੇਰੇ ਪੂਨਾ ਵਿਖੇ ਦਿਹਾਂਤ ਹੋ ਗਿਆ ਹੈ।ਉਹ ਕੁੱਝ ਦਿਨ ਪਹਿਲਾਂ ਹੀ ਆਪਣੇ ਬੇਟੇ ਕੋਲ ਪੂਨੇ ਵਿਖੇ ਗਏ ਹੋਏ ਸਨ। ਇਸ ਵਾਰੇ ਜਾਣਕਾਰੀ ਸਾਂਝੀ ਕਰਦਿਆਂ ਚੰਨ ਪਟਿਆਲਵੀ ਤੇ ਸਭਾ ਦੇ ਮੈਂਬਰਾਂ ਨੇ ਕਿਹਾ ਕਿ ਕੱਲ੍ਹ ਬਲਬੀਰ ਸਿੰਘ ਜਲਾਲਾਬਾਦੀ ਦੀ ਮ੍ਰਿਤਕ ਦੇਹ ਪਟਿਆਲਾ ਪੁੱਜੇਗੀ ਅਤੇ ਪਰਿਵਾਰ ਵੱਲੋਂ ਉਨ੍ਹਾਂ ਦੇ ਅੰਤਿਮ ਸੰਸਕਾਰ ਦੇ ਸਮੇਂ ਅਤੇ ਸਥਾਨ ਬਾਰੇ ਬਾਅਦ ਵਿਚ ਸੂਚਿਤ ਕੀਤਾ ਜਾਵੇਗਾ।
ਚੰਨ ਪਟਿਆਲਵੀ ਨੇ ਦੱਸਿਆ ਕਿ ਬਲਬੀਰ ਜਲਾਲਾਬਾਦੀ ਜੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੋਂ ਸੇਵਾਮੁਕਤ ਹੋਏ ਸਨ।ਉਨ੍ਹਾਂ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਅਸਲ ਵਿਚ ਆਮ ਲੋਕਾਂ ਦੀ ਗੱਲ ਤੇ ਕਰਨ ਵਾਲ਼ੇ ਉੱਚ ਦਰਜ਼ੇ ਦੇ ਕਲਮਕਾਰ ਸਨ, ਜੋ ਸਾਰੀ ਉਮਰ ਮਾਨਵੀ ਹਿੱਤਾਂ ਲਈ ਨਿਰੰਤਰ ਕਲਮੀ ਜੰਗ ਲੜਦੇ ਰਹੇ । ਇਸ ਪ੍ਰਤਿਬੱਧ ਕਲਮਕਾਰ ਨਾਲ ਆਪਣੀ ਦਹਾਕਿਆਂ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸ਼ਾਇਰ ਆਪਣੇ ਪਹਿਲੇ ਕਾਵਿ—ਸੰਗ੍ਰਹਿ ‘ "ਚੁੱਪ ‘ਚ ਸੁਲਘਦੇ ਬੋਲ " ਕਾਵਿ ਸੰਗ੍ਰਹਿ ਨਾਲ ਪੰਜਾਬੀ ਕਾਵਿ ਗਗਨ ਵਿਚ ਇਕ ਚਮਕਦੇ ਸਿਤਾਰੇ ਵਾਂਗ ਉਭਰ ਕੇ ਸਾਹਮਣੇ ਆਏ ਸੀ, ਜਿਸ ਦੇ ਲਗਾਤਾਰ ਦੋ ਸੰਸਕਰਣ ਛਪੇ। ਇਸ ਤੋਂ ਇਲਾਵਾ ਉਸ ਨੇ ‘ਕਾਰਵਾਂ, ‘ਅੰਤਰ ਭਾਵ’ ਅਤੇ ‘ਕਲਮ ਕੇ ਹਮਸਫ਼ਰ’ ਆਦਿ ਪੰਜਾਬੀ ਹਿੰਦੀ ਕਾਵਿ—ਸੰਗ੍ਰਹਿਆਂ ਤੋਂ ਇਲਾਵਾ ਆਪਣੇ ਦੁਜੇ ਕਾਵਿ ਸੰਗ੍ਰਹਿ ‘ਮਾਨਵਤਾ ਗ਼ੈਰਹਾਜ਼ਰ ਹੈ’ ਨਾਲ ਚੰਗਾ ਨਾਮਣਾ ਖੱਟਿਆ। ਅਨੇਕ ਪ੍ਰਾਂਤਕ ਅਤੇ ਕੌਮੀ ਮੁਸ਼ਾਇਰਿਆਂ ਵਿਚ ਉਸਨੇ ਵਿਸ਼ੇਸ਼ ਤੌਰ ਤੇ ਅਸਾਵੀਂ ਜ਼ਿੰਦਗੀ ਦੇ ਸਾਵੇਂਪਣ ਲਈ ਜੂਝਦੇ ਜੁਝਾਰੂ ਲੋਕਾਂ ਨੂੰ ਸਮਰਪਿਤ ਕਵਿਤਾਵਾਂ ਰਚੀਆਂ।ਉਹ ਪਿਛਲੇ ਕਾਫੀ ਸਮੇਂ ਤੋਂ ਗਿਆਨਦੀਪ ਸਾਹਿਤ ਮੰਚ ਪਟਿਆਲਾ ਦੇ ਜਨਰਲ ਸਕੱਤਰ ਵਜੋਂ ਨਿਸ਼ਕਾਮ ਸੇਵਾਵਾਂ ਨਿਭਾ ਰਹੇ ਸਨ। ਇਸ ਮੌਕੇ ਸ੍ਰੀ ਜਲਾਲਾਬਾਦੀ ਦੇ ਅਕਾਲ ਚਲਾਣੇ ਤੇ ਗਿਆਨਦੀਪ ਸਾਹਿਤ ਸਭਾ (ਰਜਿ) ਪਟਿਆਲ਼ਾ ਦੇ ਪ੍ਰਧਾਨ ਡਾ. ਜੀ ਐੱਸ ਆਨੰਦ, ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲਵੀ, ਬਚਨ ਸਿੰਘ ਗੁਰਮ, ਕੁਲਵੰਤ ਨਾਰੀਕੇ, ਕੁਲਵੰਤ ਸੈਦੋਕੇ, ਦਰਸ਼ਨ ਸਿੰਘ ਦਰਸ਼ ਪਸਿਆਣਾ, ਜਸਵਿੰਦਰ ਖਾਰਾ,ਕੁਲਦੀਪ ਧੰਜੂ,ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ, ਸਰਪ੍ਰਸਤ ਡਾ. ਗੁਰਬਚਨ ਸਿੰਘ ਰਾਹੀ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਸ਼ਾਂਤ, ਡਾ. ਹਰਪ੍ਰੀਤ ਸਿੰਘ ਰਾਣਾ,ਜਨਰਲ ਸਕੱਤਰ ਦਵਿੰਦਰ ਪਟਿਆਲਵੀ,ਸੁਖਦੇਵ ਸਿੰਘ ਚਹਿਲ,ਨਵਦੀਪ ਸਿੰਘ ਮੁੰਡੀ ਅਤੇ ਬਲਬੀਰ ਦਿਲਦਾਰ , ਪੰਜਾਬੀ ਲੇਖਕ ਸਭਾ ਸਮਾਣਾ ਵੱਲੋਂ ਤਰਲੋਚਨ ਮੀਰ ਅਤੇ ਰਾਜਬੀਰ ਮੱਲ੍ਹੀ, ਤ੍ਰਿਵੇਣੀ ਸਾਹਿਤ ਪ੍ਰੀਸ਼ਦ ਵੱਲੋਂ ਗੁਰਦਰਸ਼ਨ ਗੁਸੀਲ ਅਤੇ ਮੰਗਤ ਖਾਨ, ਗੁਰਪ੍ਰੀਤ ਸਿੰਘ ਜਖਵਾਲੀ ਆਦਿ ਨੇ ਵੀ ਡੂੰਘੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ।