ਲਗਾਤਾਰ ਚੌਥੀ ਵਾਰ ਮਲਕਪੁਰ ਪਿੰਡ ਦੇ ਸਿਰ 'ਤੇ ਸਜਿਆ ਬਲਾਕ ਸੰਮਤੀ ਮੈਂਬਰ ਬਣਨ ਦਾ ਤਾਜ
2013 'ਚ ਚੇਅਰਮੈਨ ਵੀ ਬਣੀ ਮਨਿੰਦਰ ਕੌਰ ਮਲਕਪੁਰ
ਮਲਕੀਤ ਸਿੰਘ ਮਲਕਪੁਰ
ਲਾਲੜੂ 22 ਦਸੰਬਰ 2025: ਹਲਕਾ ਡੇਰਾਬੱਸੀ ਦਾ ਪਿੰਡ ਮਲਕਪੁਰ ਸਿਆਸੀ ਸਫ਼ਾ 'ਚ ਬਹੁਤ ਚਰਚਿਤ ਪਿੰਡ ਰਿਹਾ ਹੈ। ਹਾਲ 'ਚ ਹੋਈਆਂ ਬਲਾਕ ਸੰਮਤੀ ਚੋਣਾਂ ਦੌਰਾਨ ਡੇਰਾਬੱਸੀ ਬਲਾਕ 'ਚ ਪੈਂਦੇ ਪਿੰਡ ਮਲਕਪੁਰ ਨੂੰ ਜੋਨ ਬਣਾਇਆ ਗਿਆ ਤੇ ਇਸ 'ਚ ਨੇੜਲੇ ਤਿੰਨ ਹੋਰ ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਸੀ। ਪਿੰਡ ਮਲਕਪੁਰ ਦੀ ਕੁੱਲ ਵੋਟ 1274 ਦੇ ਕਰੀਬ ਹੈ ਤੇ ਪਿੰਡ 'ਚ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਵੱਡੇ ਧੜੇ ਹਨ। ਕਬਿਲੇਜਿਕਰ ਹੈ ਕਿ ਪਿਛਲੇ ਡੇਢ ਦਹਾਕੇ ਤੋਂ ਲਗਾਤਾਰ ਮਲਕਪੁਰ 'ਚੋਂ ਕਿਸੇ ਨਾ ਕਿਸੇ ਸਿਆਸੀ ਧਿਰ ਨੇ ਬਲਾਕ ਸੰਮਤੀ ਚੋਣਾਂ ਵਿੱਚ ਆਪਣਾ ਉਮੀਦਵਾਰ ਇਸ ਪਿੰਡ ਤੋਂ ਜ਼ਰੂਰ ਖੜ੍ਹਾ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇੱਥੋਂ ਖੜ੍ਹੇ ਕੀਤੇ ਉਮੀਦਵਾਰ ਨੇ ਆਪਣੀ ਪਾਰਟੀ ਦੀ ਝੋਲ਼ੀ 'ਚ ਜਿੱਤ ਜ਼ਰੂਰ ਪਾਈ ਹੈ। ਜੇਕਰ ਤਫ਼ਸੀਲ 'ਚ ਗੱਲ ਕਰੀਏ ਪਹਿਲੀ ਵਾਰੀ ਬਲਾਕ ਸੰਮਤੀ ਚੋਣਾਂ 2008 'ਚ ਦੋਵੇਂ ਮੁੱਖ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੇ ਮਲਕਪੁਰ ਜੋਨ ਤੋਂ ਪਿੰਡ ਮਲਕਪੁਰ ਤੋਂ ਹੀ ਆਪਣੇ ਉਮੀਦਵਾਰ ਚੁਣੇ। ਉਦੋਂ ਸ਼੍ਰੋਮਣੀ ਅਕਾਲੀ ਦਲ ਤੋਂ ਮਹਿੰਦਰ ਸਿੰਘ ਤੇ ਕਾਂਗਰਸ ਨੇ ਨੌਜਵਾਨ ਆਗੂ ਸੁਖਵਿੰਦਰ ਸੁੱਖਾ ਮਲਕਪੁਰ ਨੂੰ ਆਪਣੀ ਪਾਰਟੀ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਸੀ। ਉਸ ਵੇਲੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਸੀ, ਪਰ ਨੌਜਵਾਨ ਆਗੂ ਸੁਖਵਿੰਦਰ ਸਿੰਘ ਸੁੱਖਾ ਮਲਕਪੁਰ ਨੇ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲ਼ੀ ਵਿੱਚ ਪਾਈ। ਉਸ ਸਮੇਂ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਧੜੱਲੇਦਾਰ ਸਿਆਸਤਦਾਨ ਮਰਹੂਮ ਕੈਪਟਨ ਕੰਵਲਜੀਤ ਸਿੰਘ ਨੁਮਾਇੰਦਗੀ ਕਰਦੇ ਸਨ ਤੇ ਸਹਿਕਾਰਤਾ ਮਹਿਕਮੇ ਦੇ ਵਜ਼ੀਰ ਵੀ ਸਨ। ਇਸ ਕਰਕੇ ਇਸ ਜੋਨ 'ਚ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹਾਰ ਜਾਣ ਕਾਰਨ ਇਹ ਪਿੰਡ ਕਾਫ਼ੀ ਚਰਚਾ 'ਚ ਆਇਆ ਸੀ। ਇਸ ਤੋਂ ਬਾਅਦ 2012 'ਚ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ, ਪਰ ਹਲਕੇ ਦੀ ਨੁਮਾਇੰਦਗੀ ਕੈਪਟਨ ਕੰਵਲਜੀਤ ਦੀ ਥਾਂ ਐਨ ਕੇ ਸ਼ਰਮਾ ਦੇ ਹੱਥ ਆ ਗਈ ਸੀ। ਕਿਉਂਕਿ 2009 'ਚ ਕੈਪਟਨ ਕੰਵਲਜੀਤ ਸਿੰਘ ਅਚਾਨਕ ਇੱਕ ਦਰਦਨਾਕ ਸੜਕ ਹਾਦਸੇ ਚ ਫੌਤ ਹੋ ਗਏ ਸਨ ਅਤੇ ਉਨ੍ਹਾਂ ਦੀ ਫੌਤਗੀ ਤੋਂ ਬਾਅਦ ਜ਼ਿਮਨੀ ਚੋਣ 'ਚ ਉਨ੍ਹਾਂ ਦੇ ਫਰਜ਼ੰਦ ਜਸਜੀਤ ਸਿੰਘ ਬਨੀ ਨੂੰ ਟਿਕਟ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਇਕ ਬਣਾਇਆ ਪਰ ਜਸਜੀਤ ਬਨੀ ਸਿਆਸੀ ਤੌਰ 'ਤੇ ਆਪਣਾ ਜਲੌਅ ਬਹੁਤੀ ਦੇਰ ਕਾਇਮ ਨਾ ਰੱਖ ਸਕੇ। ਫਿਰ 2012 'ਚ ਬਾਦਲ ਪਰਿਵਾਰ ਨਾਲ ਦੂਰੀਆਂ ਵਧਣ ਕਰਕੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਨੇੜਲੇ ਸਾਥੀ ਐਨ ਕੇ ਸ਼ਰਮਾ ਨੂੰ ਡੇਰਾਬੱਸੀ ਹਲਕੇ ਤੋਂ ਟਿਕਟ ਦਿੱਤੀ ਗਈ ਤੇ ਐਨ ਕੇ ਸ਼ਰਮਾ ਇਹ ਚੋਣ ਜਿੱਤ ਗਏ। ਉਸੇ ਸਮੇਂ ਮਲਕਪੁਰ ਤੋਂ ਯੂਥ ਅਕਾਲੀ ਦਲ ਦੇ ਨੌਜਵਾਨ ਆਗੂ ਮਨਜੀਤ ਸਿੰਘ ਮਲਕਪੁਰ ਜੋ ਕਿ ਐਨ ਕੇ ਸ਼ਰਮਾ ਦੇ ਸਭ ਤੋਂ ਨੇੜਲੇ ਬੰਦਿਆਂ 'ਚ ਗਿਣੇ ਜਾਣ ਲੱਗੇ । ਫਿਰ 2013 'ਚ ਹੋਈਆਂ ਬਲਾਕ ਸੰਮਤੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਮਨਜੀਤ ਸਿੰਘ ਮਲਕਪੁਰ ਦੀ ਪਤਨੀ ਮਨਿੰਦਰ ਕੌਰ ਨੂੰ ਬਲਾਕ ਸੰਮਤੀ ਚੋਣਾਂ ਮੌਕੇ ਮਲਕਪੁਰ ਜੋਨ ਤੋਂ ਆਪਣਾ ਉਮੀਦਵਾਰ ਬਣਾਇਆ ਤੇ ਯੂਥ ਆਗੂ ਮਨਜੀਤ ਸਿੰਘ ਮਲਕਪੁਰ ਦੀ ਪਤਨੀ ਨੇ ਵੱਡੀ ਜਿੱਤ ਹਾਸਲ ਕੀਤੀ। ਇਸ ਦੌਰਾਨ ਸ੍ਰੀ ਸ਼ਰਮਾ ਨੇ ਯੂਥ ਆਗੂ ਮਨਜੀਤ ਸਿੰਘ ਦੀ ਸਿਆਸੀ ਮਿਹਨਤ ਦਾ ਮੁੱਲ ਪਾਇਆ ਤੇ ਉਨ੍ਹਾਂ ਦੀ ਪਤਨੀ ਨੂੰ ਬਲਾਕ ਸੰਮਤੀ ਡੇਰਾਬੱਸੀ ਦੀ ਚੇਅਰਮੈਨੀ ਦੇ ਕੇ ਨਿਵਾਜਿਆ ਗਿਆ ਤੇ ਇਸ ਨਾਲ ਮਨਜੀਤ ਸਿੰਘ ਮਲਕਪੁਰ ਸ਼੍ਰੋਮਣੀ ਅਕਾਲੀ ਦਲ 'ਚ ਕਦਾਵਰ ਯੂਥ ਆਗੂ ਬਣ ਗਏ ਤੇ ਅੱਜ ਤੱਕ ਉਨ੍ਹਾਂ ਨੇ ਆਪਣੇ ਆਪ ਨੂੰ ਕਾਇਮ ਰੱਖਿਆ ਹੋਇਆ ਹੈ। ਇਸ ਤੋਂ ਬਾਅਦ 2018 'ਚ ਹੋਈਆਂ ਬਲਾਕ ਸੰਮਤੀ ਚੋਣਾਂ ਮੌਕੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣ ਗਈ ਸੀ ਤੇ ਡੇਰਾਬੱਸੀ ਹਲਕੇ ਦੀ ਨੁਮਾਇੰਦਗੀ ਦੀਪਇੰਦਰ ਸਿੰਘ ਢਿੱਲੋਂ ਕਰ ਰਹੇ ਸਨ। ਪਿੰਡ ਮਲਕਪੁਰ ਤੋਂ ਸੁਖਵਿੰਦਰ ਸਿੰਘ ਮਲਕਪੁਰ ਦੀ ਗਿਣਤੀ ਕਾਂਗਰਸ ਦੇ ਹਲਕਾ ਇੰਚਾਰਜ਼ ਸ੍ਰੀ ਦੀਪਇੰਦਰ ਸਿੰਘ ਢਿੱਲੋਂ ਦੇ ਨੇੜਲੇ ਬੰਦਿਆਂ ਚ ਹੁੰਦੀ ਸੀ। ਸੋ ਇਸ ਕਰਕੇ ਮੁੜ ਤੋਂ ਕਾਂਗਰਸ ਦੇ ਯੂਥ ਲੀਡਰ ਸੁਖਵਿੰਦਰ ਸਿੰਘ ਸੁੱਖਾ ਮਲਕਪੁਰ ਬਲਾਕ ਸੰਮਤੀ ਦੀ ਟਿਕਟ ਲੈਣ 'ਚ ਕਾਮਯਾਬ ਹੋ ਗਏ ਸਨ ਤੇ ਉਹ ਵੀ ਵੱਡੀ ਲੀਡ ਨਾਲ ਉਦੋਂ ਚੋਣ ਜਿੱਤ ਗਏ ਸਨ। ਉਸ ਵੇਲੇ ਉਹ ਡੇਰਾਬੱਸੀ ਬਲਾਕ ਦੀ ਚੇਅਰਮੈਨੀ ਦੀ ਦੌੜ 'ਚ ਵੀ ਸ਼ਾਮਲ ਸਨ, ਪਰ ਬਲਾਕ ਸੰਮਤੀ ਦੀ ਡੇਰਾਬੱਸੀ ਦੀ ਚੇਅਰਮੈਨੀ ਲੈਣ ਕਰਕੇ ਖੂੰਜ ਗਏ । ਐਤਕੀਂ ਪੰਜਾਬ 'ਚ 2022 ਦੀਆਂ ਚੋਣਾਂ 'ਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸੀ, ਪਰ ਇਸ ਸਰਕਾਰ ਵੇਲੇ ਪਹਿਲਾਂ ਤਾਂ ਪੰਚਾਇਤੀ ਚੋਣਾਂ ਆਪਣੇ ਮਿਥੇ ਸਮੇਂ ਤੋਂ 1 ਸਾਲ ਪਛੜ ਕੇ ਹੋਈਆਂ ਤੇ ਹੁਣ ਬਲਾਕ ਸੰਮਤੀ ਚੋਣਾਂ ਕਰੀਬ 2 ਸਾਲ ਲੇਟ ਹੋਈਆਂ। ਐਤਕੀਂ ਬਲਾਕ ਸੰਮਤੀ ਚੋਣਾਂ 'ਚ ਮਲਕਪੁਰ ਜੋਨ ਤੋਂ ਐੱਸਸੀ ਭਾਈਚਾਰੇ ਲਈ ਰਾਖਵਾਂ ਰੱਖਿਆ ਗਿਆ। ਇਸ ਵਾਰ ਕਾਂਗਰਸ ਪਾਰਟੀ ਨੇ ਮਲਕਪੁਰ ਜੋਨ ਤੋਂ ਮੁੜ ਮਲਕਪੁਰ ਪਿੰਡ 'ਤੇ ਭਰੋਸਾ ਜਤਾਇਆ ਤੇ ਇੱਥੋਂ ਆਪਣੇ ਸਰਗਰਮ ਸੀਨੀਅਰ ਆਗੂ ਰਘਬੀਰ ਸਿੰਘ ਮਲਕਪੁਰ ਨੂੰ ਚੋਣ ਮੈਦਾਨ ਚ ਉਤਾਰਿਆ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੇ ਮਲਕਪੁਰ ਜੋਨ 'ਚ ਪੈਂਦੇ ਪਿੰਡ ਬੱਲੋਪੁਰ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ। ਇਸ ਚੋਣ 'ਚ ਮੁੜ ਤੋਂ ਮਲਕਪੁਰ ਜੋਨ ਨੇ ਇਤਿਹਾਸ ਦੁਹਰਾਉਂਦਿਆਂ ਮਲਕਪੁਰ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਰਘਬੀਰ ਸਿੰਘ ਮਲਕਪੁਰ ਨੇ ਕਾਂਗਰਸੀ ਦੀ ਝੋਲ਼ੀ ਜਿੱਤ ਪਾਈ। ਹੁਣ ਚਾਹੇ ਚੇਅਰਮੈਨ ਤਾਂ ਸੱਤਾਧਾਰੀ ਪਾਰਟੀ ਦਾ ਹੀ ਬਣਨਾ ਹੈ, ਪਰ ਪਿੰਡ ਮਲਕਪੁਰ ਦੇ ਜੰਮਪਲ ਰਘਬੀਰ ਸਿੰਘ ਵੱਲੋਂ ਬਲਾਕ ਸੰਮਤੀ ਦੀ ਚੋਣ ਜਿੱਤ ਜਾਣ ਕਾਰਨ ਮਲਕਪੁਰ ਪਿੰਡ ਇੱਕ ਵਾਰੀ ਫਿਰ ਪੂਰੇ ਡੇਰਾਬੱਸੀ ਹਲਕੇ ਦੀ ਸੁਰਖੀਆਂ 'ਚ ਆ ਗਿਆ। ਕਾਬਿਲੇਜ਼ਿਕਰ ਹੈ ਕਿ ਰਘਬੀਰ ਸਿੰਘ ਕਾਫ਼ੀ ਲੰਮੇ ਅਰਸੇ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ ਤੇ ਉਹ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੇ ਨੇੜਲੇ ਬੰਦਿਆਂ ਚ ਗਿਣੇ ਜਾਂਦੇ ਨੇ। ਡੇਰਾਬੱਸੀ ਬਲਾਕ 'ਚ ਬਲਾਕ ਸੰਮਤੀ ਦੇ ਕੁੱਲ 22 ਜੋਨ ਹਨ, ਜਿਨ੍ਹਾਂ 'ਚੋਂ 12 ਸੀਟਾਂ 'ਤੇ ਸੱਤਾਧਾਰੀ 'ਆਪ ਪਾਰਟੀ', 2 ਸੀਟਾਂ ਉਤੇ ਸ਼੍ਰੋਮਣੀ ਅਕਾਲੀ ਦਲ ਤੇ 8 ਸੀਟਾਂ 'ਤੇ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ।
ਸਾਬਕਾ ਬਲਾਕ ਸੰਮਤੀ ਚੇਅਰਮੈਨ ਮਨਿੰਦਰ ਕੌਰ ਮਲਕਪੁਰ।
ਬਲਾਕ ਸੰਮਤੀ ਮੈਂਬਰ ਰਘਬੀਰ ਸਿੰਘ ਮਲਕਪੁਰ।
ਸਾਬਕਾ ਬਲਾਕ ਸੰਮਤੀ ਮੈਂਬਰ ਮੈਂਬਰ ਸੁਖਵਿੰਦਰ ਸਿੰਘ ਸੁੱਖਾ ਮਲਕਪੁਰ।