ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਕੀਤੇ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਰੂਪਨਗਰ 01 ਦਸੰਬਰ 2025 : ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 209 ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 25-09-2025 ਅਨੁਸਾਰ ਰਾਜ ਚੋਣ ਕਮਿਸ਼ਨ ਵੱਲੋਂ ਰਾਜ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਮੈਂਬਰਾਂ ਦੀਆਂ ਆਮ ਚੋਣਾਂ ਲਈ ਘੋਸ਼ਣਾ ਕਰ ਦਿੱਤੀ ਗਈ ਹੈ , ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਦੇ ਕਮੇਟੀ ਰੂਮ ਵਿਖੇ ਇਸ ਸਬੰਧੀ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਦੜੌਲੀ ਲੋਅਰ, ਭਰਤਗੜ੍ਹ, ਬਿਭੌਰ ਸਾਹਿਬ, ਮੀਆਂਪੁਰ, ਕੋਟਲਾ, ਬੇਲਾ, ਤਖਤਗੜ੍ਹ, ਮੋਰਿੰਡਾ ਰੂਰਲ, ਕਲਮਾਂ ਅਤੇ ਮੁੰਡੀਆਂ ਅਤੇ ਪੰਚਾਇਤ ਸੰਮਤੀ ਦੀਆਂ 93 ਸੀਟਾਂ ਲਈ ਚੋਣਾਂ ਹੋਣਗੀਆਂ
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਇਹ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀ ਚੋਣ ਵਿੱਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ , ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਸ਼ਡਿਊਲ ਅਨੁਸਾਰ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਮਿਤੀ 1 ਦਸੰਬਰ 2025 (ਸੋਮਵਾਰ) (ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ) ਇਸ ਕੰਮ ਲਈ ਨਾਮਜ਼ਦ ਕੀਤੇ ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਸ਼ੁਰੂ ਹੋਵੇਗੀੇ
ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਵਾਲੇ ਉਮੀਦਵਾਰ ਕੋਰਟ ਰੂਮ, ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਜ਼ਿਲਾ ਪ੍ਰਬੰਧਕੀ ਕੰਪਲੈਕਸ (ਮਿੰਨੀ ਸਕੱਤਰੇਤ) ਰੂਪਨਗਰ ਵਿਖੇ, ਬਲਾਕ ਨੂਰਪੁਰ ਬੇਦੀ ਦੇ ਉਮੀਦਵਾਰ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰ ਬੇਦੀ ਦੇ ਕਮਰਾ ਨੰਬਰ 01 ਵਿਖੇ, ਬਲਾਕ ਸ੍ਰੀ ਚਮਕੌਰ ਸਾਹਿਬ ਦੇ ਉਮੀਦਵਾਰ ਉਪ ਮੰਡਲ ਮੈਜਿਸਟਰੇਟ ਸ੍ਰੀ ਚਮਕੌਰ ਸਾਹਿਬ ਦਫਤਰ ਦੇ ਕੋਰਟ ਰੂਮ ਵਿਖੇ, ਮੋਰਿੰਡਾ ਬਲਾਕ ਦੇ ਉਮੀਦਵਾਰ ਨਾਇਬ ਤਹਿਸੀਲਦਾਰ ਰੂਮ, ਤਹਿਸੀਲਦਾਰ ਦਫ਼ਤਰ ਮੋਰਿੰਡਾ ਵਿਖੇ, ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਕੋਰਟ ਰੂਮ ਉਪ ਮੰਡਲ ਮੈਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਵਿਖੇ, ਬਲਾਕ ਨੰਗਲ ਦੇ ਉਮੀਦਵਾਰ ਸਹਾਇਕ ਰਿਟਰਨਿੰਗ ਅਫਸਰ-ਕਮ-ਨਾਇਬ ਤਹਿਸੀਲਦਾਰ ਨੰਗਲ (ਨਿਮਨਹਸਤਾਖਰ ਗੈਰ ਹਾਜਰ ਹੋਣ ਤੇ) ਪਾਸ ਕੰਪਿਊਟਰ ਲੈਬ ਕਮਰਾ ਨੰ 20, ਸਕੂਲ ਆਫ ਐਮੀਨੇਸ ਨੰਗਲ ਜ਼ਿਲ੍ਹਾ ਰੂਪਨਗਰ ਵਿਖ਼ੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਦੇ ਹਨ
ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 04 ਦਸੰਬਰ 2025 (ਵੀਰਵਾਰ) ਹੋਵੇਗੀ। ਜਦਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 05 ਦਸੰਬਰ 2025 (ਸ਼ੁੱਕਰਵਾਰ) ਹੋਵੇਗੀ ਅਤੇ ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖ਼ਰੀ ਮਿਤੀ 06 ਦਸੰਬਰ 2025 (ਸ਼ਨੀਵਾਰ) ਸ਼ਾਮ 03 ਵਜੇ ਤੱਕ ਹੋਵੇਗੀ , ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਸਾਰੇ ਨਾਮਜ਼ਦਗੀ ਪੱਤਰਾਂ ਨਾਲ ਨਿਰਧਾਰਿਤ ਹਲਫ਼ੀਆ ਬਿਆਨ ਅਤੇ ਉਮੀਦਵਾਰ ਰਾਜਨੀਤਿਕ ਪਾਰਟੀ ਵੱਲੋਂ ਖੜ੍ਹਾ ਕੀਤੇ ਜਾਣ ਦੀ ਸੂਰਤ ਵਿੱਚ ਸਬੰਧਤ ਰਾਜਨੀਤਿਕ ਪਾਰਟੀ ਦਾ ਅਧਿਕਾਰਤ ਪੱਤਰ ਨਾਲ ਲੱਗਿਆ ਹੋਣਾ ਚਾਹੀਦਾ ਹੈ
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਮਿਤੀ 14 ਦਸੰਬਰ 2025 (ਐਤਵਾਰ) ਨੂੰ ਸਵੇਰੇ 08 ਵਜੇ ਤੋਂ ਸ਼ਾਮ ਦੇ 04 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਹੋਵੇਗੀ। ਪੋਲ ਹੋਈਆਂ ਵੋਟਾਂ ਦੀ ਗਿਣਤੀ ਮਿਤੀ 17 ਦਸੰਬਰ 2025 (ਬੁੱਧਵਾਰ) ਨੂੰ ਇਸ ਮੰਤਵ ਲਈ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ ਵਿਖੇ ਹੋਵੇਗੀ , ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਲਈ 2,55,000/- ਰੁਪਏ ਅਤੇ ਪੰਚਾਇਤ ਸੰਮਤੀ ਦੇ ਉਮੀਦਵਾਰ ਲਈ 1,10,000/- ਰੁਪਏ ਚੋਣ ਖਰਚੇ ਦੀ ਹੱਦ ਨੋਟੀਫਾਈ ਕੀਤੀ ਗਈ ਹੈ।ਜਦਕਿ ਨਾਮਜਦਗੀ ਲਈ ਜ਼ਿਲ੍ਹਾ ਪ੍ਰੀਸ਼ਦ ਲਈ ਫੀਸ 400 ਰੁਪਏ ਅਤੇ ਬਲਾਕ ਸੰਮਤੀ ਲਈ 200 ਰੁਪਏ ਹੈ ਅਤੇ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਲਈ ਇਹ ਫੀਸ ਅੱਧੀ ਹੋਵੇਗੀ
ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਚੋਣਾਂ ਦਾ ਇਹ ਪ੍ਰੋਗਰਾਮ ਐਲਾਨਣ ਨਾਲ, ਉਮੀਦਵਾਰਾਂ ਅਤੇ ਰਾਜ ਦੇ ਮਾਰਗ ਦਰਸ਼ਨ ਲਈ ਆਦਰਸ਼ ਚੋਣ ਜਾਬਤਾ ਰੂਪਨਗਰ ਦੀਆਂ ਸਾਰੀਆਂ 611 ਗਰਾਮ ਪੰਚਾਇਤਾਂ, ਜੋ ਕਿ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਅਧੀਨ ਆਉਂਦੀਆ ਹਨ, ਦੇ ਮਾਲ ਖੇਤਰ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਇਹ ਚੋਣ ਪ੍ਰਕ੍ਰਿਆ ਖ਼ਤਮ ਹੋਣ ਤੱਕ ਲਾਗੂ ਰਹੇਗਾ।
ਸ਼੍ਰੀ ਵਰਜੀਤ ਵਾਲੀਆ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਕਾਪੀ ਰਾਜ ਚੋਣ ਕਮਿਸ਼ਨ ਦੀ ਵੈਬਸਾਈਟ ਉਪਰ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਤਹਿਤ ਇਹ ਚੋਣਾਂ ਪੂਰੀ ਤਰ੍ਹਾਂ ਨਿਰਪੱਖ, ਆਜ਼ਾਦਾਨਾਂ ਅਤੇ ਸ਼ਾਂਤਮਈ ਢੰਗ ਨਾਲ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਚੋਣਾਂ ਨੂੰ ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਵਿਰਵਿਘਨ ਕਰਵਾਉਣ ਲਈ ਚੋਣ ਜਾਬਤੇ ਤੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਵਿਕੇਸ਼ ਗੁਪਤਾ, ਐੱਸਪੀ ਅਰਵਿੰਦ ਮੀਨਾ, ਸਹਾਇਕ ਕਮਿਸ਼ਨਰ ਅਭਿਮੰਨਿਊ ਮਲਿਕ, ਆਰਟੀਓ ਅਰਸ਼ਦੀਪ ਸਿੰਘ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਐਸਡੀਐਮ ਨੰਗਲ ਸਚਿਨ ਪਾਠਕ, ਐਸਡੀਐਮ ਰੂਪਨਗਰ ਬਲਜਿੰਦਰ ਸਿੰਘ ਢਿੱਲੋਂ, ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ, ਐਸਡੀਐਮ ਮੋਰਿੰਡਾ ਗੁਰਦੇਵ ਸਿੰਘ ਧੰਮ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ ਅਤੇ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ