Miss Universe 2025 ਦਾ ਹੋਇਆ ਐਲਾਨ! ਜਾਣੋ ਕਿਸ ਦੇਸ਼ ਦੀ ਸੁੰਦਰੀ ਦੇ ਸਿਰ ਸਜਿਆ ਤਾਜ?
ਬਾਬੂਸ਼ਾਹੀ ਬਿਊਰੋ
ਬੈਂਕਾਕ/ਨਵੀਂ ਦਿੱਲੀ, 21 ਨਵੰਬਰ, 2025: ਦੁਨੀਆ ਨੂੰ ਆਪਣੀ ਨਵੀਂ ਮਿਸ ਯੂਨੀਵਰਸ (Miss Universe) ਮਿਲ ਗਈ ਹੈ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਵੀਰਵਾਰ (21 ਨਵੰਬਰ) ਨੂੰ ਆਯੋਜਿਤ ਮਿਸ ਯੂਨੀਵਰਸ 2025 (Miss Universe 2025) ਦੇ ਗ੍ਰੈਂਡ ਫਿਨਾਲੇ ਵਿੱਚ ਮੈਕਸੀਕੋ (Mexico) ਦੀ 25 ਸਾਲਾ ਫਾਤਿਮਾ ਬੋਸ਼ (Fatima Bosch) ਨੇ ਮਿਸ ਯੂਨੀਵਰਸ ਦਾ ਤਾਜ ਆਪਣੇ ਨਾਂ ਕਰ ਲਿਆ ਹੈ।
ਦੁਨੀਆ ਭਰ ਦੀਆਂ ਸੁੰਦਰੀਆਂ ਨੂੰ ਪਛਾੜਦੇ ਹੋਏ ਉਨ੍ਹਾਂ ਨੇ ਇਹ ਵੱਕਾਰੀ ਖਿਤਾਬ ਜਿੱਤਿਆ। ਉੱਥੇ ਹੀ, ਭਾਰਤ ਵੱਲੋਂ ਰਾਜਸਥਾਨ ਦੀ ਮਨਿਕਾ ਵਿਸ਼ਵਕਰਮਾ (Manika Vishwakarma) ਦਾ ਸਫ਼ਰ ਟੌਪ 12 ਤੋਂ ਪਹਿਲਾਂ ਹੀ ਖ਼ਤਮ ਹੋ ਗਿਆ।
ਵਿਵਾਦਾਂ ਤੋਂ ਤਾਜ ਤੱਕ ਦਾ ਸਫ਼ਰ
ਫਾਤਿਮਾ ਬੋਸ਼ ਲਈ ਇਹ ਜਿੱਤ ਆਸਾਨ ਨਹੀਂ ਸੀ। ਮੁਕਾਬਲੇ ਦੌਰਾਨ ਉਹ ਇੱਕ ਵੱਡੇ ਵਿਵਾਦ (Controversy) ਵਿੱਚ ਵੀ ਫਸ ਗਈ ਸੀ। ਕਥਿਤ ਤੌਰ 'ਤੇ ਮਿਸ ਥਾਈਲੈਂਡ ਦੇ ਡਾਇਰੈਕਟਰ ਨਵਾਤ ਇਤਸਾਰਾਗ੍ਰਿਸਿਲ ਨੇ ਪ੍ਰਮੋਸ਼ਨਲ ਕੰਟੈਂਟ ਸਾਂਝਾ ਨਾ ਕਰਨ 'ਤੇ ਉਨ੍ਹਾਂ ਨੂੰ ਝਾੜ ਪਾਈ ਸੀ ਅਤੇ ਅਪਮਾਨਜਨਕ ਸ਼ਬਦ ਕਹੇ ਸਨ।
ਇਸ ਦੇ ਵਿਰੋਧ ਵਿੱਚ ਫਾਤਿਮਾ ਨੇ ਵਾਕਆਊਟ ਤੱਕ ਕਰ ਦਿੱਤਾ ਸੀ। ਪਰ ਫਿਨਾਲੇ ਵਿੱਚ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਆਪਣੇ ਆਖਰੀ ਰਾਊਂਡ ਦੇ ਜਵਾਬ ਨਾਲ ਸਭ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਔਰਤਾਂ ਨੂੰ ਆਵਾਜ਼ ਚੁੱਕਣ ਅਤੇ ਇਤਿਹਾਸ ਰਚਣ ਦੀ ਹਿੰਮਤ ਦਿੱਤੀ, ਜਿਸ ਤੋਂ ਬਾਅਦ ਪੂਰਾ ਹਾਲ ਉਨ੍ਹਾਂ ਦੇ ਨਾਂ ਨਾਲ ਗੂੰਜ ਉੱਠਿਆ।
ਕੌਣ ਰਿਹਾ ਟੌਪ 5 'ਚ?
ਇਸ ਸਖ਼ਤ ਮੁਕਾਬਲੇ ਵਿੱਚ ਮਿਸ ਥਾਈਲੈਂਡ (Miss Thailand) ਪ੍ਰਵੀਨਰ ਸਿੰਘ ਫਰਸਟ ਰਨਰ-ਅੱਪ ਰਹੀ। ਉੱਥੇ ਹੀ, ਮਿਸ ਵੈਨੇਜ਼ੁਏਲਾ (Miss Venezuela) ਸੈਕਿੰਡ ਰਨਰ-ਅੱਪ ਅਤੇ ਮਿਸ ਫਿਲੀਪੀਨਜ਼ (Miss Philippines) ਥਰਡ ਰਨਰ-ਅੱਪ ਬਣੀ। ਕੋਟੇ ਡੀ ਆਈਵਰ (Cote d'Ivoire) ਦੀ ਮਾਡਲ ਚੌਥੀ ਰਨਰ-ਅੱਪ ਰਹੀ। ਪਿਛਲੇ ਸਾਲ ਦੀ ਜੇਤੂ ਡੈਨਮਾਰਕ ਦੀ ਵਿਕਟੋਰੀਆ ਕੇਜਰ ਥੇਲਵਿਗ ਨੇ ਫਾਤਿਮਾ ਨੂੰ ਤਾਜ ਪਹਿਨਾਇਆ।
ਭਾਰਤ ਦਾ ਸਫ਼ਰ: ਟੌਪ 30 'ਚ ਪਹੁੰਚੀ, ਪਰ ਟੌਪ 12 'ਚ ਖੁੰਝੀ
ਭਾਰਤ ਦੀ 22 ਸਾਲਾ ਮਨਿਕਾ ਵਿਸ਼ਵਕਰਮਾ ਨੇ ਆਪਣੀ ਖੂਬਸੂਰਤੀ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਨਾਲ ਟੌਪ 30 ਵਿੱਚ ਜਗ੍ਹਾ ਤਾਂ ਬਣਾ ਲਈ ਸੀ, ਪਰ ਉਹ ਟੌਪ 12 ਦੀ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕੀ। ਭਾਰਤ ਨੂੰ ਹੁਣ ਤੱਕ 1994 ਵਿੱਚ ਸੁਸ਼ਮਿਤਾ ਸੇਨ, 2000 ਵਿੱਚ ਲਾਰਾ ਦੱਤਾ ਅਤੇ 2021 ਵਿੱਚ ਹਰਨਾਜ਼ ਸੰਧੂ ਦੇ ਰੂਪ ਵਿੱਚ ਤਿੰਨ ਮਿਸ ਯੂਨੀਵਰਸ ਮਿਲ ਚੁੱਕੀਆਂ ਹਨ। ਹਾਲਾਂਕਿ, ਇਸ ਵਾਰ ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ (Saina Nehwal) ਜੱਜ ਪੈਨਲ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ।
ਟੌਪ 12 'ਚ ਜਗ੍ਹਾ ਬਣਾਉਣ ਵਾਲੀਆਂ ਸੁੰਦਰੀਆਂ
ਜਿਊਰੀ ਨੇ ਲੰਬੇ ਮੁਲਾਂਕਣ ਤੋਂ ਬਾਅਦ ਜਿਨ੍ਹਾਂ ਟੌਪ 12 ਮੁਕਾਬਲੇਬਾਜ਼ਾਂ ਦਾ ਐਲਾਨ ਕੀਤਾ, ਉਹ ਇਸ ਪ੍ਰਕਾਰ ਹਨ:
1. ਇੰਨਾ ਮੋਲ (ਚਿਲੀ)
2. ਵਨੇਸਾ ਪੁਲਗਾਰਿਨ (ਕੋਲੰਬੀਆ)
3. ਲੀਨਾ ਲੁਆਸੇਸ (ਕਿਊਬਾ)
4. ਓਫੇਲੀ ਮੇਜ਼ੀਨੋ (ਗੁਆਡੇਲੂਪ)
5. ਫਾਤਿਮਾ ਬੋਸ਼ (ਮੈਕਸੀਕੋ) - ਜੇਤੂ
6. ਜ਼ੈਸ਼ਲੀ ਐਲੀਸੀਆ (ਪੋਰਟੋ ਰਿਕੋ)
7. ਸਟੈਫਨੀ ਅਬਸਾਲੀ (ਵੈਨੇਜ਼ੁਏਲਾ)
8. ਝਾਓ ਨਾ (ਚੀਨ)
9. ਮਾ ਅਹਿਤਿਸਾ ਮਨਾਲੋ (ਫਿਲੀਪੀਨਜ਼)
10 ਪ੍ਰਵੀਨਰ ਸਿੰਘ (ਥਾਈਲੈਂਡ)
11. ਜੂਲੀਆ ਐਨ ਕਲੂਏਟ (ਮਾਲਟਾ)
12. ਓਲੀਵੀਆ ਯਾਸੇ (ਕੋਟ ਡੀ ਆਈਵਰ)