ਵੀ-ਕੇਅਰ: ਥਾਂ ਸਿਰ ਲਗਦੇ ਪੈਸੇ-ਸੇਵਾ ਦੇ ਢੰਗ ਐਸੇ
ਵੀ-ਕੇਅਰ ਟ੍ਰਸਟ ਦੇ ਸ. ਰਘਬੀਰ ਸਿੰਘ ਜੇ.ਪੀ. ਅਤੇ ਸਪੋਰਟਸ ਬਾਰ ਦੇ ਸ. ਮਨਦੀਪ ਸਿੰਘ ਵੱਲੋਂ ਐਂਬੂਲੈਂਸ ਭੇਟ
-ਟ੍ਰਸਟ ਵੱਲੋਂ ਇਹ ਛੇਵੀਂ ਮਾਡਰਨ ਜੈਨਰੇਸ਼-4 ਐਂਬੂਲੈਂਸ ਹੈ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 21 ਨਵੰਬਰ 2025-ਵੀ-ਕੇਅਰ ਟਰੱਸਟ (ਸ. ਰਘਬੀਰ ਸਿੰਘ ਜੇ.ਪੀ.) ਅਤੇ ਹੌਗ ਐਂਡ ਹਾਊਂਡਸ ਸਪੋਰਟਸ ਬਾਰ ਦੇ ਸ. ਮਨਦੀਪ ਸਿੰਘ ਦੇ ਸਹਿਯੋਗ ਨਾਲ ‘ਸੇਂਟ ਜੌਹਨ’ ਐਮਰਜੈਂਸੀ ਵਿਭਾਗ ਵਾਲਿਆਂ ਨੂੰ 6ਵੀਂ ਐਂਬੂਲੈਂਸ ਸੌਂਪੀ ਗਈ ਹੈ। ਇਸ ਟਰੱਸਟ ਵੱਲੋਂ ਇਹ ਛੇਵੀਂ ਐਂਬੂਲੈਂਸ ਸੀ, ਜੋ ਕਿ ਲਗਾਤਾਰ ਥਾਂ ਸਿਰ ਪੈਸੇ ਲਾਉਣ ਦੀ ਇਕ ਉਦਾਹਰਣ ਹੈ।
ਇਸ ਸਹਾਇਤਾ ਦੇ ਨਾਲ ‘ਹੌਗ ਐਂਡ ਹਾਊਂਡਸ ਸਪੋਰਟਸ ਬਾਰ’ ਨੇ ਆਪਣੀ ਨਿਰੰਤਰ ਕਮਿਊਨਿਟੀ-ਕੇਂਦਰਿਤ ਸੇਵਾ ਨੂੰ ਉਜਾਗਰ ਕੀਤਾ ਹੈ। ਐਮਰਜੈਂਸੀ ਸੇਵਾਵਾਂ ਦੇ ਵਿਚ ਇਹ ਯੋਗਦਾਨ ਦਰਸਾਉਂਦਾ ਹੈ ਕਿ ਕਾਰੋਬਾਰ ਲੋਕਾਂ ਦੀ ਭਲਾਈ ਵਿੱਚ ਕਿਵੇਂ ਯੋਗਦਾਨ ਪਾ ਸਕਦੇ ਹਨ। ਮਾਲਕ ਸ. ਮਨਦੀਪ ਸਿੰਘ ਜੋ ਹਾਲ ਹੀ ਵਿੱਚ ਤਿਰਾਉ ਲੋਕਲ ਬੋਰਡ ਵਿੱਚ ਵੀ ਚੁਣੇ ਗਏ ਹਨ।
ਵੀ ਕੇਅਰ ਦੀ ਇਹ ਵਚਨਬੱਧਤਾ ਪੁਤਾਰੁਰੂ ਦੀ ਨਵੀਂ ਐਂਬੂਲੈਂਸ ਦੇ ਨਾਲ ਆਪਣਾ ਵਰਨਣ ਆਪ ਕਰਦੀ ਹੈ। ਅਕਤੂਬਰ 2021 ਤੋਂ ਵੀ ਕੇਅਰ ਕਮਿਊਨਿਟੀ ਟਰੱਸਟ ਵੱਲੋਂ ਫੰਡ ਕੀਤੀ ਗਈ ਛੇਵੀਂ ਐਮਰਜੈਂਸੀ ਐਂਬੂਲੈਂਸ ਹੈ।
ਇਨ੍ਹਾਂ ਦੋਹਾਂ ਸੱਜਣਾ ਨੇ ਕਿਹਾ ਕਿ “ਸੇਂਟ ਜਾਨ ਬਹੁਤ ਮਿਹਨਤ ਕਰਦਾ ਹੈ, ਅਤੇ ਉਨ੍ਹਾਂ ਨੂੰ ਆਪਣਾ ਕੰਮ ਕਰਨ ਅਤੇ ਕਮਿਊਨਿਟੀ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ ਨਵੀਆਂ ਐਂਬੂਲੈਂਸਾਂ ਦੀ ਲੋੜ ਹੈ।” ਚੇਅਰਮੈਨ ਰਘਬੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਹਰ ਐਂਬੂਲੈਂਸ ਦੀ ਕੀਮਤ ਲਗਭਗ 331,000 ਡਾਲਰ ਹੈ।
ਨਵੀਂ ਦਿੱਤੀ ਗਈ ਜਨਰੇਸ਼ਨ-4 ਐਂਬੂਲੈਂਸ ਪਾਵਰ-ਲੋਡ ਇਲੈਕਟ੍ਰਿਕ ਸਟਰੈਚਰਾਂ ਅਤੇ ਪੌੜੀਆਂ ’ਤੇ ਲਿਜਾਣ ਵਾਲੀਆਂ ਕੁਰਸੀਆਂ ਨਾਲ ਲੈਸ ਹੈ, ਜੋ ਮਰੀਜ਼ਾਂ ਨੂੰ ਸੰਭਾਲਣ ਵਿੱਚ ਸੁਰੱਖਿਆ ਅਤੇ ਕੁਸ਼ਲਤਾ ਸੁਧਾਰਨ ਲਈ ਤਿਆਰ ਕੀਤੀ ਗਈ ਤਕਨਾਲੋਜੀ ਹੈ। ਇਹ ਐਂਬੂਲੈਂਸਾਂ ਬਹੁਤ ਵਧੀਆ ਤਕਨਾਲੋਜੀ ਨਾਲ ਆਉਂਦੀਆਂ ਹਨ।