ਹਮਾਂਯੂਪੁਰ- ਤਸਿੰਬਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਸਫ਼ੈਦਿਆਂ ਦੀ ਬੋਲੀ ਮੌਕੇ ਉੱਤੇ ਰੱਦ
ਲੋਕਲ ਕਮੇਟੀ ਤੇ ਪਿੰਡ ਵਾਸੀਆਂ 'ਚ ਰੋਸ ਜ਼ਾਹਰ ਕੀਤਾ ਇੰਸਪੈਕਟਰ ਨੇ ਅੰਦਰੂਨੀ ਮਾਮਲਾ ਦੱਸਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 18 ਅਕਤੂਬਰ 2025: ਹੰਡੇਸਰਾ ਨੇੜਲੇ ਪਿੰਡ ਹਮਾਂਯੂਪੁਰ-ਤਸਿੰਬਲੀ ਦੇ ਇਤਿਹਾਸਕ ਗੁਰਦੁਆਰਾ ਨੌਵੀ ਪਾਤਸ਼ਾਹੀ ਦੀ ਜ਼ਮੀਨ ਵਿੱਚ ਲੱਗੇ ਸਫੈਦਿਆਂ ਦੀ ਬੋਲੀ ਮੌਕੇ ਉੱਤੇ ਰੱਦ ਹੋਣ ਨਾਲ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ,ਪਿੰਡ ਵਾਸੀਆਂ ਤੇ ਬੋਲੀ ਦੇਣ ਆਏ ਲੱਕੜ ਠੇਕੇਦਾਰਾਂ ਨੇ ਭਾਰੀ ਰੋਸ ਜ਼ਾਹਰ ਕੀਤਾ, ਜਦਕਿ ਦੂਜੇ ਪਾਸੇ ਬੋਲੀ ਕਰਵਾਉਣ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਸਪੈਕਟਰ ਦਲਜੀਤ ਸਿੰਘ ਨੇ ਮਾਮਲੇ ਨੂੰ ਅੰਦਰੂਨੀ ਦੱਸਦਿਆਂ ਇਸ ਸਬੰਧੀ ਕੁੱਝ ਵੀ ਜਾਣਕਾਰੀ ਦੇਣ ਤੋਂ ਸਪੱਸ਼ਟ ਮਨਾ ਕਰ ਦਿੱਤਾ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਬੰਧਿਤ ਗਰੁਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਤਸਿੰਬਲੀ ਤੇ ਇਲਾਕੇ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਮੈਂਬਰ ਨਿਰਮੈਲ ਸਿੰਘ ਜੌਲਾ ਨੇ ਦੱਸਿਆ ਕਿ ਐਸਜੀਪੀਸੀ ਦੀ ਅੰਤ੍ਰਿਗ ਕਮੇਟੀ ਨੇ ਬਕਾਇਦਾ ਬੋਲੀ ਸਬੰਧੀ ਮਤਾ ਨੰਬਰ 761 ਰਾਹੀਂ ਮਨਜ਼ੂਰੀ ਦਿੱਤੀ ਸੀ ਅਤੇ ਇਸ ਉਪਰੰਤ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੱਲੋਂ ਇਸ ਬੋਲੀ ਲਈ ਐਸਜੀਪੀਸੀ ਨੂੰ ਇੰਸਪੈਕਟਰ ਭੇਜਣ ਦੀ ਮੰਗ ਕੀਤੀ ਗਈ ਸੀ। ਐਸਜੀਪੀਸੀ ਨੇ ਇਸ ਬੋਲੀ ਲਈ ਇੰਸਪੈਕਟਰ ਦਲਜੀਤ ਸਿੰਘ ਦੀ ਡਿਊਟੀ ਲਗਾਈ ਸੀ। ਉਕਤ ਧਾਰਮਿਕ ਆਗੂਆਂ ਨੇ ਦੱਸਿਆ ਕਿ ਬੋਲੀ ਸਬੰਧੀ ਬਕਾਇਦਾ ਅਖਬਾਰ ਵਿੱਚ ਇਸ਼ਤਿਹਾਰ ਵੀ ਦਿੱਤਾ ਗਿਆ ਸੀ ਅਤੇ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਲੱਕੜ ਠੇਕੇਦਾਰ ਮੌਕੇ ਉੱਤੇ ਬੋਲੀ ਦੇਣ ਲਈ ਇਕੱਤਰ ਹੋਏ ਸਨ ਪਰ ਇੰਸਪੈਕਟਰ ਸਾਹਿਬ ਨੇ ਬੋਲੀ ਰੱਦ ਕਰ ਦਿੱਤੀ। ਦੋਹਾਂ ਧਾਰਮਿਕ ਆਗੂਆਂ ਨੇ ਇਸ ਮਾਮਲੇ ਵਿੱਚ ਸਿਆਸੀ ਦਖਲ ਅੰਦਾਜੀ ਦਾ ਦੋਸ਼ ਲਾਇਆ ਹੈ । ਉਨ੍ਹਾਂ ਕਿਹਾ ਕਿ ਜੇਕਰ ਅੱਜ ਬੋਲੀ ਹੋ ਜਾਂਦੀ ਤਾਂ ਨਾ ਸਿਰਫ ਗੁਰਦੁਆਰਾ ਸਾਹਿਬ ਦੇ ਕੰਮ ਕਾਰ ਹੋ ਜਾਂਦੇ , ਸਗੋਂ ਐਸਜੀਪੀਸੀ ਨੂੰ ਵੀ ਨਿਰਧਾਰਿਤ ਦਸਵੰਧ ਮਿਲ ਜਾਂਦਾ । ਇਸੇ ਤਰ੍ਹਾਂ ਇੱਕ ਵੱਖਰੇ ਬਿਆਨ ਵਿੱਚ ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਅਤੇ ਤਸਿੰਬਲੀ ਸਹਿਕਾਰੀ ਸੁਸਾਇਟੀ ਦੇ ਚੇਅਰਮੈਨ ਜਿੰਦਰ ਸਿੰਘ ਤੁਰਕਾ ਨੇ ਕਿਹਾ ਕਿ ਧਾਰਮਿਕ ਮਾਮਲਿਆਂ ਵਿੱਚ ਸਿਆਸੀ ਦਖਲ ਅੰਦਾਜੀ ਗੁਰਦੁਆਰਾ ਸਾਹਿਬ ਅਤੇ ਪਿੰਡ ਲਈ ਮੰਦਭਾਗੀ ਗੱਲ ਹੈ ਅਤੇ ਇਸ ਮਾਮਲੇ ਵਿੱਚ ਐਸਜੀਪੀਸੀ ਨੂੰ ਤੁਰੰਤ ਦਖਲਅੰਦਾਜੀ ਕਰਕੇ ਨੋਟਿਸ ਲੈਣਾ ਚਾਹੀਦਾ ਹੈ। ਸੰਪਰਕ ਕਰਨ 'ਤੇ ਐਸਜੀਪੀਸੀ ਦੇ ਇੰਸਪੈਕਟਰ ਦਲਜੀਤ ਸਿੰਘ ਨੇ ਬੋਲੀ ਰੱਦ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਇਹ ਐਸਜੀਪੀਸੀ ਦਾ ਅੰਦਰੂਨੀ ਮਸਲਾ ਹੈ ਅਤੇ ਇਸ ਸਬੰਧੀ ਉਹ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦੇ ਸਕਦੇ।