ਸੇਵਾਮੁਕਤ ਪੁਲਿਸ ਮੁਲਾਜਮਾਂ ਨੇ ਆਪਣੇ ਹੀ ਪੁਲਿਸ ਪ੍ਰਸ਼ਾਸ਼ਨ ਤੇ ਟਿਕਾਈ ਦੁੱਖੜੇ ਨਾ ਸੁਣਨ ਸਬੰਧੀ ਸੂਈ
ਅਸ਼ੋਕ ਵਰਮਾ
ਬਠਿੰਡਾ,5 ਜੁਲਾਈ 2025: ਬਠਿੰਡਾ ਪੁਲਿਸ ਦੇ ਸੇਵਾਮੁਕਤ ਪੁਲਿਸ ਮੁਲਾਜਮਾਂ ਨੇ ਰਵਈਏ ਨੂੰ ਲੈਕੇ ਅੱਜ ਆਪਣੇ ਹੀ ਪੁਲਿਸ ਪ੍ਰਸ਼ਾਸ਼ਨ ਨੂੰ ਕਟਹਿਰੇ ’ਚ ਖੜ੍ਹਾਇਆ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਦਫਤਰਾਂ ਅਤੇ ਥਾਣਿਆਂ ’ਚ ਦਿੱਤੀਆਂ ਗਈਆਂ ਦਰਖਾਸਤਾਂ ਦੀ ਸੁਣਵਾਈ ਤਾਂ ਕੀ ਹੋਣੀ ਸੀ ਬਲਕਿ ਉਨ੍ਹਾਂ ਦੀ ਉੱਥੇ ਗਿਆਂ ਕੋਈ ਬਾਤ ਵੀ ਨਹੀਂ ਪੁੱਛਦਾ ਹੈ ਮਾਣ ਸਤਿਕਾਰ ਮਿਲਣਾ ਤਾਂ ਦੂਰ ਦੀ ਗੱਲ ਹੈ। ਅੱਜ ਇੱਕ ਮੀਟਿੰਗ ਤੋਂ ਬਾਅਦ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਿਟਾਇਰਡ ਡੀਐਸਪੀ ਰਣਜੀਤ ਸਿੰਘ ਤੂਰ ਨੇ ਪ੍ਰੈਸ ਬਿਆਨ ਜਾਰੀ ਕਰਕੇ ਪੈਨਸ਼ਨਰ ਪੁਲਿਸ ਮੁਲਾਜਮਾਂ ਦੇ ਦੁੱਖਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡੀਜੀਪੀ ਪੰਜਾਬ ਨੇ ਇਸ ਤਰਾਂ ਦਾ ਮਾਮਲਿਆਂ ਸਬੰਧੀ ਸਟੈਂਡਿੰਗ ਆਰਡਰ ਵੀ ਜਾਰੀ ਕੀਤਾ ਸੀ ਜਿਸ ਤੇ ਵੀ ਕੋਈ ਅਮਲ ਨਹੀਂ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਡੀਜੀਪੀ ਪੰਜਾਬ ਨੂੰ ਮੁੜ ਪੱਤਰ ਲਿਖਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਜੋ ਪੁਲਿਸ ਮੁਲਾਜਮ 1 ਜਨਵਰੀ 2016 ਤੋਂ ਬਾਅਦ ਰਿਟਾਇਰ ਹੋਏ ਹਨ ਉਨ੍ਹਾਂ ਨੂੰ ਤਨਖਾਹ ਕਮਿਸ਼ਨ ਤਹਿਤ 300 ਦਿਨ ਦੀਆਂ ਛੁੱਟੀਆਂ ਦਾ ਬਕਾਇਆ ਵੀ ਅਜੇ ਤੱਕ ਨਹੀਂ ਮਿਲਿਆ ਹੈ। ਐਸੋਸੀਏਸ਼ਨ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਖਜਾਨੇ ’ਚ ਬਣਦੀ ਰਾਸ਼ੀ ਬਮ੍ਹਾਂ ਕਰਵਾ ਦਿੱਤੀ ਹੈ ਪਰ ਸਬੰਧਤ ਦਫਤਰ ਨੇ ਬਿੱਲ ਨਹੀਂ ਭੇਜੇ ਹਨ ਜਿਸ ਕਰਕੇ ਹੁਣ ਐਸਐਸਪੀ ਬਠਿੰਡਾ ਨੂੰ ਪੱਤਰ ਲਿਖਿਆ ਜਾਏਗਾ ਅਤੇ ਅਦਾਇਗੀਆਂ ਜਲਦੀ ਕਰਵਾਉਣ ਦੀ ਮੰਗ ਕੀਤੀ ਜਾਏਗੀ। ਇਸ ਮੌਕੇ ਸੇਵਾਮੁਕਤ ਏਐਸਆਈ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ ਜਿੰਨ੍ਹਾਂ ਨੇ ਅਹੁਦੇਦਾਰਾਂ ਨਾਲ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਨਵੇਂ ਬਣੇ ਮੈਂਬਰ ਰਿਟਾਇਰਡ ਇੰਸਪੈਕਟਰ ਜਗਦੀਸ਼ ਕੁਮਾਰ, ਸੇਵਾਮੁਕਤ ਇੰਸਪੈਕਟਰ ਰਾਮ ਸਿੰਘ ਅਤੇ ਸਬ ਇੰਸਪੈਕਟਰ ਮੁਖਤਿਆਰ ਸਿੰਘ ਨੂੰ ਜੀ ਆਇਆਂ ਆਖਦਿਆਂ ਸਨਮਾਨਿਤ ਵੀ ਕੀਤਾ ਗਿਆ।