ਵੈਨਕੂਵਰ ਵਿਚ ਸਟੋਰਾਂ ’ਚੋਂ ਖਰੀਦਦਾਰੀ ਸਮੇਂ ਚੋਰੀ ਕਰਦੇ 195 ਲੋਕਾਂ ਤੋਂ 75,000 ਡਾਲਰ ਅਤੇ 35 ਹਥਿਆਰ ਬਰਾਮਦ
ਹਰਦਮ ਮਾਨ
ਸਰੀ, 7 ਦਸੰਬਰ 2021-ਵੈਨਕੂਵਰ ਪੁਲਿਸ ਨੇ ਡਾਊਨਟਾਊਨ ਦੇ ਦੁਕਾਨਦਾਰਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਮੁੱਖ ਰੱਖਦਿਆਂ ਲਗਾਤਾਰ ਇਕ ਮਹੀਨਾ ਚਲਾਈ ਮੁਹਿੰਮ ਦੌਰਾਨ ਕਥਿਤ ਤੌਰ ’ਤੇ 195 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 75,000 ਡਾਲਰ ਦਾ ਕੀਮਤੀ ਸਾਮਾਨ ਤੇ 35 ਹਥਿਆਰ ਬਰਾਮਦ ਕੀਤੇ ਹਨ। ਮੁਹਿੰਮ ਦੌਰਾਨ 323 ਘਟਨਾਵਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 23 ਘਟਨਾਵਾਂ ਵਿੱਚ ਅਜਿਹੇ ਚੋਰਾਂ ਵੱਲੋਂ ਹਥਿਆਰ ਵੀ ਵਰਤੇ ਗਏ ਸਨ।
ਵੈਨਕੂਵਰ ਪੁਲਿਸ ਦੇ ਸਾਰਜੈਂਟ ਸਟੀਵ ਐਡੀਸਨ ਨੇ ਦੱਸਿਆ ਹੈ ਕਿ ਅਜਿਹੀਆਂ ਚੋਰੀਆਂ ਸਬੰਧੀ ਕਾਰੋਬਾਰੀ ਮਾਲਕਾਂ ਅਤੇ ਉਹਨਾਂ ਦੇ ਸਟਾਫ਼ ਦੀਆਂ ਸ਼ਿਕਾਇਤਾਂ ਸਨ ਕਿ ਉਨ੍ਹਾਂ ਨੂੰ ਅਕਸਰ ਹਿੰਸਕ ਚੋਰਾਂ ਨਾਲ ਜੂਝਣਾ ਪੈ ਰਿਹਾ ਹੈ। ਵੈਨਕੂਵਰ ਪੁਲਿਸ ਨੇ ਆਪਣੇ ਕੁਝ ਅਫਸਰਾਂ ਨੂੰ ਅਜਿਹੇ ਚੋਰ ਬਿਰਤੀ ਵਾਲੇ ਅਨਸਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਡਾਊਨਟਾਊਨ ਕੋਰ ਵਿੱਚ ਪ੍ਰਚੂਨ ਸਟਾਫ ਨਾਲ ਮਿਲ ਕੇ ਸਿੱਧੇ ਤੌਰ ਤੇ ਕਾਰਜ ਕਰਨ ਦੀ ਜ਼ਿੰਮੇਵਾਰੀ ਸੌਂਪੀ, ਜਿਸ ਦੇ ਨਤੀਜੇ ਜਾਰੀ ਕਰਦਿਆਂ ਪੁਲਿਸ ਨੇ ਚਿੰਤਾ ਅਤੇ ਪ੍ਰੇਸ਼ਾਨੀ ਵੀ ਜ਼ਾਹਰ ਕੀਤੀ ਹੈ ਕਿ ਇਨ੍ਹਾਂ ਕਥਿਤ ਚੋਰਾਂ ਵਿੱਚੋਂ ਬਹੁਤ ਸਾਰੇ ਜਟਿਲ ਸਮਾਜਿਕ ਲੋੜਾਂ ਜਿਵੇਂ ਕਿ ਨਸ਼ਾਖੋਰੀ, ਗਰੀਬੀ ਅਤੇ ਮਾਨਸਿਕ ਬੀਮਾਰੀਆਂ ਨਾਲ ਜੂਝ ਰਹੇ ਹਨ ਅਤੇ ਛੋਟੇ ਛੋਟੇ ਅਪਰਾਧਾਂ ਲਈ ਉਨ੍ਹਾਂ ਨੂੰ ਵਾਰ-ਵਾਰ ਗ੍ਰਿਫਤਾਰ ਕੀਤੇ ਜਾਂਦਾ ਹੈ। ਪੁਲਿਸ ਅਨੁਸਾਰ ਮਹੀਨਾ ਭਰ ਚੱਲੀ ਮੁਹਿੰਮ ਦੌਰਾਨ ਗ੍ਰਿਫਤਾਰ ਕੀਤੇ ਗਏ 60 ਪ੍ਰਤੀਸ਼ਤ ਲੋਕਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਸੌਣ ਲਈ ਪੱਕਾ ਠਿਕਾਣਾ ਨਹੀਂ ਹੈ ਅਤੇ ਕਈਆਂ ਨੇ ਦੱਸਿਆ ਕਿ ਉਹ ਚੋਰੀ ਕੀਤੇ ਸਮਾਨ ਨੂੰ ਆਨਲਾਈਨ ਜਾਂ ਡਾਊਨਟਾਊਨ ਈਸਟਸਾਈਡ ਵਿੱਚ ਵੇਚਣਾ ਚਾਹੁੰਦੇ ਸਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com