ਅਸ਼ੋਕ ਵਰਮਾ
ਸੰਗਰੂਰ,5 ਮਾਰਚ2021: ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ ਤਹਿਤ ਪੰਜਾਬ ਅਤੇ ਯੂ.ਟੀ ਮੁਲਾਜਮ ਸੰਘਰਸ਼ ਮੋਰਚੇ ਦੇ ਬੈਨਰ ਹੇਠ 7 ਮਾਰਚ ਨੂੰ ਪਟਿਆਲਾ ਸ਼ਹਿਰ ‘ਚ ਹੋਣ ਜਾ ਰਹੀ ਵਿਸ਼ਾਲ ਮੁਲਾਜ਼ਮ ਰੈਲੀ ਵਿੱਚ ਮੁਲਾਜ਼ਮਾਂ ਦੀ ਵੱਡੀ ਪੱਧਰ ‘ਤੇ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਦੇ ਆਗੂਆਂ ਰਘਵੀਰ ਸਿੰਘ ਭਵਾਨੀਗੜ੍ਹ, ਸਵਰਨਜੀਤ ਸਿੰਘ ਅਤੇ ਹਰਜੀਤ ਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰਾਂ ਸਾਲਾਂ ਵਿੱਚ ਮੁਲਾਜਮ ਵਰਗ ਦੀਆਂ ਮੰਗਾਂ ਨੂੰ ਲਗਾਤਾਰ ਨੱੁਕਰੇ ਲਗਾ ਕੇ ਰੱਖਣ ਦੀ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਆਪਣੇ ਚੋਣ ਮੈਨੀਫੈਸਟੋ ਵਿੱਚ ਮਾਣ ਭੱਤੇ ਵਾਲੇ, ਕੱਚੇ ਅਤੇ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਵਾਅਦੇ ਤੋਂ ਮੁੱਕਰੀ ਹੈ, ਉੱਥੇ ਹੀ ਪੱਕੇ ਮੁਲਾਜਮਾਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ ਜਾਰੀ ਕਰਨ, 1 ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਛੇਵੇਂ ਪੰਜਾਬ ਤਨਖਾਹ ਕਮਿਸਨ ਦੀ ਰਿਪੋਰਟ ਲਾਗੂ ਕਰਨ ਤੋਂ ਵੀ ਲਗਾਤਾਰ ਪਿੱਛੇ ਹਟ ਰਹੀ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਦਾ ਆਪਣਾ ਹੀ ਘੱਟੋ-ਘੱਟ ਉਜਰਤਾਂ ਦਾ ਕਾਨੂੰਨ ਹੈ ਜੋ ਕਿ ਸਮੂਹ ਕੱਚੇ ਵਰਕਰਾਂ ਤੇ ਲਾਗੂ ਹੁੰਦਾ ਹੈ ਉਸ ਤੋਂ ਵੀ ਮੁਨਕਰ ਹੋਈ ਬੈਠੀ ਹੈ,ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਸਖਤ ਰੋਸ ਹੈ।ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ ਨੇ ਕਿਹਾ ਕਾਰਪੋਰੇਟ ਪੱਖੀ ਆਰਥਿਕ ਮਾਡਲ ਤਹਿਤ ਲਾਗੂ ਕੀਤੀਆਂ ਨੀਤੀਆਂ ਸਦਕਾ ਵਧੀ ਮਹਿੰਗਾਈ ਨੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ, ਪਰ ਪੰਜਾਬ ਸਰਕਾਰ ਆਪਣੇ ਮੁਲਾਜਮਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ ਵਿਕਾਸ ਟੈਕਸ ਥੋਪਣ, ਨਵੀਂ ਭਰਤੀ ‘ਤੇ ਗਲਤ ਢੰਗ ਨਾਲ ਤਨਖਾਹ ਗਰੇਡ ਘਟਾ ਕੇ ਕੇਂਦਰੀ ਸਕੇਲ ਲਾਗੂ ਕਰਨ ਅਤੇ ਨਵੀਂ ਪੈਨਸ਼ਨ ਸਕੀਮ ਤਹਿਤ ਪੈਨਸ਼ਨ ਫੰਡ ਵਿੱਚ ਸਰਕਾਰੀ ਹਿੱਸੇਦਾਰੀ ਵਿੱਚੋਂ 4 ਫੀਸਦੀ ਹਿੱਸੇ ਨੂੰ ਟੈਕਸਯੋਗ ਬਣਾ ਕੇ ਬੇਲੋੜਾ ਵਿੱਤੀ ਬੋਝ ਪਾਉਣ ਵਰਗੇ ਫੈਸਲੇ ਲੈ ਕੇ ਆਰਥਿਕ ਸ਼ੋਸ਼ਣ ਕਰ ਰਹੀ ਹੈ।
ਇਸ ਮੌਕੇ ਨਿਰਭੈ ਸਿੰਘ, ਕੁਲਦੀਪ ਸਿੰਘ, ਮੇਘਰਾਜ, ਅਮਨ ਵਿਸਸਿਟ, ਕਰਮਜੀਤ ਨਦਾਮਪੁਰ, ਗੁਰਚਰਨ ਅਕੋਈ, ਦਰਸਨ ਝਨੇੜੀ, ਦਲਜੀਤ ਸਫੀਪੁਰ, ਰਜਿੰਦਰ ਪਾਲ, ਵਿਕਰਮਜੀਤ ਮਲੇਰਕੋਟਲਾ, ਸੁਖਵਿੰਦਰ ਗਿਰ, ਉਜਾਗਰ ਸਿੰਘ, ਰਾਮ ਸਿੰਘ, ਨਛੱਤਰ ਚੱਠਾ, ਸੱਤਪਾਲ ਮਹਿਲਾਂ, ਸ਼ਮਸ਼ੇਰ ਬਡਰੁੱਖਾਂ, ਬਬਨਪਾਲ, ਸੁਖਪਾਲ ਸਫੀਪੁਰ, ਗੁਰਦੀਪ ਚੀਮਾ, ਗੌਰਵ ਘੁਮਾਣ, ਮਨੋਜ ਲਹਿਰਾ ਅਤੇ ਗੁਰਜੰਟ ਭੁਟਾਲ ਆਦਿ ਹਾਜ਼ਰ ਸਨ।