ਕਮਲਜੀਤ ਸਿੰਘ ਸੰਧੂ
ਬਰਨਾਲਾ, 28 ਫਰਵਰੀ 2021 - ਬਰਨਾਲਾ ਜ਼ਿਲ੍ਹੇ ਦੇ ਪਿੰਡ ਬਖਤਗੜ੍ਹ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਮੌਕੇ ਹੋਏ ਵਿਵਾਦ ਕਾਰਨ ਅਖੰਡ ਪਾਰ ਖੰਡਿਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ। ਜਿਸ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਬਖਤਗੜ੍ਹ ਪਹੁੰਚੇ ਅਤੇ ਪੰਜ ਪਿਆਰਿਆਂ ਵੱਲੋਂ ਇਸ ਘਟਨਾ ਦੇ ਸਾਰੇ ਦੋਸ਼ੀਆਂ ਨੂੰ 2 ਮਾਰਚ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ। ਧਾਰਮਿਕ ਵਿਵਾਦ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪਿੰਡ 'ਚ ਭਾਰੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
ਇਸ ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ' ਤੇ ਦਲਿਤ ਭਾਈਚਾਰੇ ਨੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ, ਇਸ ਦੌਰਾਨ ਪਿੰਡ ਦੇ ਇਕ ਵਿਅਕਤੀ ਕਰਮ ਸਿੰਘ ਫੌਜੀ, ਜੋ ਕਿ ਗ੍ਰੰਥੀ ਵੀ ਨਹੀਂ ਹੈ, ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਜੋ ਔਰਤ ਗ੍ਰੰਥੀ ਪਾਠ ਕਰ ਰਹੀ ਸੀ ਨੂੰ ਉੱਥੋਂ ਹਟਾ ਦਿੱਤਾ ਅਤੇ ਆਪ ਪਾਠ ਕਰਨ ਲੱਗ ਗਿਆ। ਕੁਝ ਸਮੇਂ ਬਾਅਦ ਕੁੱਝ ਵਿਅਕਤੀਆਂ ਵੱਲੋਂ ਕਰਮ ਸਿੰਘ ਨੂੰ ਪਾਠ ਕਰਦੇ ਹੋਏ ਨੂੰ ਚੁੱਕ ਲਿਆ ਗਿਆ, ਜਿਸ ਨਾਲ ਸ੍ਰੀ ਦਾ ਪਾਠ ਖੰਡਿਤ ਹੋ ਗਿਆ।
ਕਮੇਟੀ ਦੇ ਮੈਂਬਰ ਬਲਦੇਵ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਸਨੂੰ ਇਸ ਦੁਖਦਾਈ ਘਟਨਾ ਬਾਰੇ ਪਤਾ ਲੱਗਿਆ ਉਹ ਖੁਦ ਵੀ ਮੌਕੇ ਤੇ ਪਹੁੰਚ ਗਿਆ ਅਤੇ ਉਸਨੇ ਪੁਲਿਸ ਨੂੰ ਵੀ ਮੌਕੇ 'ਤੇ ਬੁਲਾ ਲਿਆ। ਉਸਨੇ ਦੱਸਿਆ ਕਿ ਉਸਨੇ ਇਸ ਸਾਰੀ ਘਟਨਾ ਬਾਰੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਸੂਚਿਤ ਕੀਤਾ ਸੀ, ਜਿਸ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ 5 ਪਿਆਰਿਆਂ ਵੱਲੋਂ ਬਖਤਗੜ੍ਹ ਆ ਕੇ ਸਾਰੇ ਲੋਕਾਂ ਦੇ ਪੱਖ ਸੁਣੇ ਗਏ। ਉਨ੍ਹਾਂ ਕਿਹਾ ਕਿ ਕਰਮ ਸਿੰਘ ਅਤੇ ਹੋਰ ਲੋਕਾਂ ਨੇ ਪੰਜ ਪਿਆਰਿਆਂ ਅਤੇ ਸੰਗਤਾਂ ਸਾਹਮਣੇ ਆਪਣੀ ਗਲਤੀ ਲਈ ਮੁਆਫੀ ਮੰਗੀ ਹੈ। ਉਨ੍ਹਾਂ ਦੱਸਿਆ ਕਿ ਕਰਮ ਸਿੰਘ ਅਤੇ ਹੋਰ ਵਿਅਕਤੀਆਂ ਨੂੰ ਪੰਜ ਪਿਆਰਿਆਂ ਵੱਲੋਂ 2 ਮਾਰਚ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ।
ਇਸ ਸਾਰੀ ਘਟਨਾ ਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਏ 5 ਪਿਆਰਿਆਂ ਦੇ ਬੁਲਾਰੇ ਭਾਈ ਅਮਨਦੀਪ ਸਿੰਘ ਜੀ ਨੇ ਦੱਸਿਆ ਕਿ ਰਵੀਦਾਸ ਜੀ ਦੇ ਜਨਮ ਦਿਹਾੜੇ ਮੌਕੇ ਪਿੰਡ ਵਾਸੀਆਂ ਵੱਲੋਂ ਅਖੰਡ ਪਾਠ ਕਰਵਾਇਆ ਜਾ ਰਿਹਾ ਸੀ। ਜਿਸ ਸਮੇਭ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਸੀ ਜਦੋਂ ਪਿੰਡ ਦੇ ਇੱਕ ਵਿਅਕਤੀ ਨੇ ਸ਼੍ਰੀ ਅਖੰਡ ਪਾਠ ਸਾਹਿਬ ਨੂੰ ਭੰਗ ਕਰ ਦਿੱਤਾ, ਜੋ ਕਿ ਬਹੁਤ ਵੱਡੀ ਬੇਅਦਬੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਿੰਡ ਦਾ ਇੱਕ ਵਿਅਕਤੀ ਕਰਮ ਸਿੰਘ ਅਤੇ ਉਸ ਦੇ ਸਾਥੀ ਦੋਸ਼ੀ ਪਾਏ ਗਏ ਹਨ ਅਤੇ ਉਨ੍ਹਾਂ ਨੇ ਸੰਗਤ ਦੇ ਸਾਹਮਣੇ ਲਿਖਤੀ ਰੂਪ ਵਿੱਚ ਮੁਆਫੀ ਵੀ ਮੰਗੀ ਹੈ। ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਦੁਆਰਾ ਦੋਸ਼ੀ ਪਾਏ ਗਏ ਸਾਰੇ ਵਿਅਕਤੀਆਂ ਨੂੰ 2 ਮਾਰਚ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ ਅਤੇ ਉਥੇ ਹੀ ਇਸ ਦਾ ਐਲਾਨ ਕੀਤਾ ਜਾਵੇਗਾ।
ਇਸ ਮਾਮਲੇ 'ਤੇ ਥਾਣਾ ਸਦਰ ਦੇ ਐਸ.ਐਚ.ਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਏ ਪੰਜ ਪਿਆਰੇ ਕੇਸ ਦੀ ਜਾਂਚ ਕਰ ਰਹੇ ਹਨ ਅਤੇ ਦੋਸ਼ੀ ਪਾਏ ਗਏ ਸਾਰੇ ਵਿਅਕਤੀਆਂ ਨੂੰ 2 ਮਾਰਚ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੁਲਾਇਆ ਗਿਆ ਹੈ ਜਿਥੇ ਉਨ੍ਹਾਂ ਨੂੰ ਧਾਰਮਿਕ ਤੌਰ ‘ਤੇ ਸਜ਼ਾ ਦਿੱਤੀ ਜਾਵੇਗੀ। ਉਸਨੇ ਦੱਸਿਆ ਕਿ ਪਿੰਡ ਦਾ ਮਾਹੌਲ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਸ਼ਾਂਤ ਹੈ।