ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 21 ਜਨਵਰੀ 2021 - ਯੂਟਿਊਬ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੈਨਲ ਦੀ ਮੁਅੱਤਲੀ ਨੂੰ ਜਾਰੀ ਰੱਖਦਿਆਂ ਇਸਨੂੰ ਇੱਕ ਹੋਰ ਹਫ਼ਤੇ ਲਈ ਵਧਾ ਦਿੱਤਾ ਹੈ। ਗੂਗਲ ਦੀ ਮਲਕੀਅਤ ਵਾਲੀ ਇਸ ਕੰਪਨੀ ਨੇ ਹਿੰਸਾ ਦੀ ਸੰਭਾਵਨਾ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਮੁਅੱਤਲੀ ਦੇ ਵਾਧੇ ਦੀ ਪੁਸ਼ਟੀ ਕੀਤੀ ਹੈ। ਡੋਨਾਲਡ ਟਰੰਪ ਦੇ ਯੂਟਿਊਬ ਅਕਾਉਂਟ ਦੇ ਲੱਗਭਗ 2.79 ਮਿਲੀਅਨ ਸਬਸਕਰਾਈਬਰ ਹਨ ਅਤੇ ਚੈਨਲ 'ਤੇ ਪਾਬੰਦੀ ਲੱਗਣ ਤੋਂ ਪਹਿਲਾਂ, ਟਰੰਪ ਆਮ ਤੌਰ 'ਤੇ ਇੱਕ ਦਿਨ ਵਿੱਚ ਕਈ ਵੀਡੀਓ ਪੋਸਟ ਕਰਦੇ ਸਨ। ਪਿਛਲੀ ਪਾਬੰਦੀ ਦੀ ਤਰ੍ਹਾਂ ਹੀ ਟਰੰਪ ਦਾ ਖਾਤਾ ਮੌਜੂਦਾ ਵੀਡੀਓਜ਼ ਦੀ ਪਹੁੰਚ ਰੱਖੇਗਾ ਪਰ ਘੱਟੋ ਘੱਟ ਸੱਤ ਦਿਨਾਂ ਲਈ ਨਵੀਂ ਸਮੱਗਰੀ ਨੂੰ ਅਪਲੋਡ ਨਹੀਂ ਕੀਤਾ ਜਾ ਸਕੇਗਾ ਅਤੇ ਨਾਲ ਹੀ ਵੀਡੀਓਜ਼ ਦੀਆਂ ਟਿੱਪਣੀਆਂ 'ਤੇ ਵੀ ਪਾਬੰਦੀ ਰਹੇਗੀ।
ਪਿਛਲੇ ਹਫ਼ਤੇ, ਗੂਗਲ ਨੇ ਟਰੰਪ ਦੇ ਯੂਟਿਊਬ ਅਕਾਉਂਟ ਨੂੰ ਮੁਅੱਤਲ ਕਰ ਦਿੱਤਾ ਸੀ ਜੋ ਕਿ ਜਨਵਰੀ ਦੇ ਅਰੰਭ ਵਿੱਚ ਟਰੰਪ ਦੇ ਕੁਝ ਸਮਰਥਕਾਂ ਦੁਆਰਾ ਸੰਯੁਕਤ ਰਾਜ ਦੀ ਰਾਜਧਾਨੀ ਵਿੱਚ ਜਾਨਲੇਵਾ ਹਿੰਸਾ ਤੋਂ ਬਾਅਦ ਕਾਰਵਾਈ ਅਧੀਨ ਆਇਆ ਸੀ। ਟਰੰਪ ਦੇ ਯੂਟਿਊਬ ਖਾਤੇ ਵਿੱਚ ਮੁਅੱਤਲੀ ਦਾ ਵਾਧਾ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਟਵਿੱਟਰ ਅਤੇ ਫੇਸਬੁੱਕ ਸਮੇਤ ਹੋਰ ਤਕਨੀਕੀ ਕੰਪਨੀਆਂ ਨੇ 6 ਜਨਵਰੀ ਨੂੰ ਹੋਏ ਹਿੰਸਕ ਕੈਪੀਟਲ ਹਿੱਲ ਦੰਗਿਆਂ ਤੋਂ ਬਾਅਦ ਟਰੰਪ ਦੇ ਸ਼ੋਸ਼ਲ ਮੀਡੀਆ ਖਾਤਿਆਂ 'ਤੇ ਪਾਬੰਦੀ ਲਗਾਈ ਹੈ।