Teachers Day ਤੇ ਸੜਕਾਂ ਉੱਪਰ ਆਏ ਰੀਕਾਸਟ ਸੂਚੀਆਂ ਤੋਂ ਪ੍ਰਭਾਵਿਤ ਪੀੜਤ ਅਧਿਆਪਕ
ਮਨੁੱਖੀ ਚੇਨ ਬਣਾ ਕੇ ਅਤੇ ਕਾਲੀਆਂ ਪੱਟੀਆਂ ਬੰਨ ਕੇ ਕੀਤਾ ਰੋਸ
ਸੰਗਰੂਰ 6 ਸਤੰਬਰ 2026 ਕਲ੍ਹ ਵਿਸ਼ੇਸ਼ ਅਧਿਆਪਕ ਦਿਵਸ ਮੌਕੇ ਸੰਗਰੂਰ ਵਿੱਚ ਰੀਕਾਸਟ ਸੂਚੀਆਂ ਪ੍ਰਭਾਵਿਤ ਫਰੰਟ ( ਪੰਜਾਬ) ਦੇ ਸੱਦੇ ਹੇਠ ਅਧਿਆਪਕਾਂ ਵੱਲੋਂ ਵੱਖਰੇ ਤਰੀਕੇ ਨਾਲ ਰੋਸ ਪ੍ਰਗਟ ਕੀਤਾ ਗਿਆ। ਰੀਕਾਸਟ ਸੂਚੀਆਂ ਤੋਂ 253 ਪੀੜਤ ਅਧਿਆਪਕਾਂ ਨੇ ਆਪਣਾ ਦੁੱਖ ਜਾਹਰ ਕਰਨ ਦੇ ਲਈ ਸ਼ਾਂਤਮਈ ਤਰੀਕੇ ਦੇ ਨਾਲ ਸੜਕ ਦੇ ਨਾਲ ਬਣੇ ਹੋਏ ਫੁੱਟਪਾਥ ਉੱਤੇ ਮਨੁੱਖੀ ਚੇਨ ਬਣਾ ਕੇ ਧੁੱਪ ਵਿੱਚ ਖੜ ਕੇ ਹੱਥਾਂ ਵਿੱਚ ਇਨਸਾਫ ਦੀ ਮੰਗ ਦੀਆਂ ਤਖਤੀਆਂ ਫੜ ਕੇ ਆਪਣਾ ਰੋਸ ਜਾਹਰ ਕੀਤਾ। ਇਸ ਫ਼ਰੰਟ ਦੇ ਆਗੂ ਬਲਕਾਰ ਸਿੰਘ ਮਘਾਣੀਆ ਅਤੇ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਲਗਪਗ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ।
ਪਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਨਲਾਇਕੀਆਂ ਅਤੇ ਦਫ਼ਤਰੀ ਗਲਤੀਆਂ ਕਾਰਨ ਵੱਖ-ਵੱਖ ਭਰਤੀਆਂ ਦੇ ਮੁਕੰਮਲ ਤੌਰ ਤੇ ਯੋਗ ਅਤੇ ਬੇਕਸੂਰ ਅਧਿਆਪਕਾਂ ਨੂੰ ਟਰਮੀਨੇਸ਼ਨ ਸਬੰਧੀ ਸੋ ਕਾਜ ਨੋਟਿਸ ਭੇਜ ਦਿੱਤੇ ਹਨ। ਇਸ ਵਿੱਚ ਮਾਸਟਰ ਕਾਡਰ ਭਰਤੀ 4161 ਦੇ 253 ਅਧਿਆਪਕ, 2392 ਭਰਤੀ ਦੇ 40 ਅਧਿਆਪਕ, ਈਟੀਟੀ ਕੇਡਰ 6635 ਭਰਤੀ ਦੇ 108 ਅਧਿਆਪਕ ਲਗਾਤਾਰ ਆਪਣੀ ਨੌਕਰੀ ਖੁੱਸ ਜਾਣ ਦੇ ਡਰ ਦੀ ਪੀੜਾ ਨੂੰ ਹੰਢਾ ਰਹੇ ਹਨ। ਇਸਦੇ ਚਲਦਿਆਂ ਇਹ ਸਾਰੇ ਪੀੜਤ ਅਧਿਆਪਕ ਸਮਾਜਿਕ ਤੌਰ ਤੇ, ਮਾਨਸਿਕ ਤੌਰ ਤੇ ਅਤੇ ਆਰਥਿਕ ਤੌਰ ਤੇ ਵੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਹਨਾਂ ਅਧਿਆਪਕਾਂ ਨੂੰ ਟਰਮੀਨੇਸ਼ਨ ਸਬੰਧੀ ਸ਼ੋਅ ਕਾਜ ਨੋਟਿਸ ਜਾਰੀ ਕਰਨ ਦਾ ਮੁੱਖ ਆਧਾਰ ਜਾਂ ਤਾਂ ਉੱਤਰ ਕੁੰਜੀ ਦੀ ਤਬਦੀਲੀ ਨੂੰ ਬਣਾਇਆ ਜਾ ਰਿਹਾ ਹੈ। ਜਾਂ ਫਿਰ ਸਿਲੈਕਸ਼ਨ ਸੂਚੀਆਂ ਸਹੀ ਨਾ ਬਣਨ ਦਾ ਬਹਾਨਾ ਲਗਾਇਆ ਜਾ ਰਿਹਾ ਹੈ। ਜਦੋਂ ਕਿ ਇਹ ਸਾਰੀਆਂ ਗਲਤੀਆਂ ਸਿੱਖਿਆ ਵਿਭਾਗ ਜਾਂ ਭਰਤੀ ਸੈੱਲ ਦੀਆਂ ਦਫਤਰੀ ਪੱਧਰ ਦੀਆਂ ਗਲਤੀਆਂ ਹਨ। ਜਿਨਾਂ ਦਾ ਖਮਿਆਜਾ ਅੱਜ ਇੱਥੇ ਸਾਰੇ ਖੜੇ ਬੇਕਸੂਰ ਅਧਿਆਪਕ ਭੁਗਤ ਰਹੇ ਹਨ। ਫਰੰਟ ਦੇ ਆਗੂ ਗੁਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਲਗਾਤਾਰ ਅਸੀਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਧਰਨੇ ਮੁਜਾਰੇ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਸਰਕਾਰ ਵੱਲੋਂ ਮੀਟਿੰਗ ਦੇ ਦਿੱਤੀ ਜਾਂਦੀ ਹੈ ਜੋ ਕੁਝ ਦਿਨਾਂ ਬਾਅਦ ਜਾਂ ਤਾਂ ਪੋਸਟਪੋਨ ਕਰ ਦਿੱਤੀ ਜਾਂਦੀ ਹੈ ਜਾਂ ਕੈਂਸਲ ਕਰ ਦਿੱਤੀ ਜਾਂਦੀ ਹੈ। ਜੇ ਉਹ ਮੀਟਿੰਗ ਕਿਤੇ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਨਾਲ ਹੋ ਵੀ ਜਾਂਦੀ ਹੈ ਤਾਂ ਉਹ ਮੀਟਿੰਗ ਇਕ ਮਿੰਟ ਦੇ ਦਰਮਿਆਨ ਖਤਮ ਹੋ ਜਾਂਦੀ ਹੈ ਜਿਸ ਵਿੱਚ ਮਿੱਠੇ ਲਾਰੇ ਤੋਂ ਇਲਾਵਾ ਹੋਰ ਕੋਈ ਸਾਰਥਕ ਹੱਲ ਦੀ ਗੱਲ ਨਹੀਂ ਕੀਤੀ ਜਾਂਦੀ ਤੇ ਨਿਰੰਤਰ ਚਾਰ ਪੰਜ ਸਾਲਾਂ ਤੋਂ ਅਧਿਆਪਕ ਇਸੇ ਸੰਤਾਪ ਨੂੰ ਹੰਢਾ ਰਹੇ ਹਨ। ਇਸੇ ਰੋਸ ਵਜੋਂ ਸਾਰੇ ਪੀੜਿਤ ਅਧਿਆਪਕਾਂ ਨੇ ਸੰਗਰੂਰ ਵਿਖੇ ਇੱਕ ਮਨੁੱਖੀ ਚੈਨ ਬਣਾ ਕੇ ਆਪਣਾ ਰੋਸ ਜਾਹਿਰ ਕੀਤਾ
ਉਹਨਾਂ ਨੇ ਦੱਸਿਆ ਕਿ ਸਰਕਾਰ ਪਾਸੋਂ ਸਾਡੀ ਮੰਗ ਹੈ ਕਿ ਯੋਗ ਅਤੇ ਬੇਕਸੂਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੀਆਂ ਦਫਤਰੀ ਗਲਤੀਆਂ ਦੀ ਸਜ਼ਾ ਨਾ ਦਿੱਤੀ ਜਾਵੇ। ਨਜਾਇਜ਼ ਰੂਪ ਵਿੱਚ ਭੇਜੇ ਗਏ ਟਰਮੀਨੇਸ਼ਨ ਸਬੰਧੀ ਸ਼ੋਅ ਕਾਜ ਨੋਟਿਸ ਤੁਰੰਤ ਰੱਦ ਕੀਤੇ ਜਾਣ। ਸ਼ੋਅ ਕਾਜ ਦੇ ਬਹਾਨੇ ਨਾਲ ਜਿਹੜੇ ਅਧਿਆਪਕਾਂ ਦਾ ਪ੍ਰੋਬੇਸ਼ਨ ਰੋਕ ਲਿਆ ਗਿਆ ਹੈ। ਤੁਰੰਤ ਉਨਾਂ ਅਧਿਆਪਕਾਂ ਦਾ ਇਹ ਪੀਰੀਅਡ ਪਾਸ ਕੀਤਾ ਜਾਵੇ।
ਇਨ੍ਹਾਂ ਅਧਿਆਪਕਾਂ ਦੀ ਨੌਕਰੀ ਨਿਰੰਤਰ ਰੂਪ ਵਿੱਚ ਭਵਿੱਖ ਲਈ ਸੁਰੱਖਿਅਤ ਕੀਤੀ ਜਾਵੇ। ਅਧਿਆਪਕਾਂ ਵੱਲੋਂ ਇਹ ਵੀ ਮੰਗ ਰੱਖੀ ਗਈ ਕਿ ਸਰਕਾਰ ਕੋਈ ਪੁਖਤਾ ਨੀਤੀ ਬਣਾਵੇ ਜਿਸ ਵਿੱਚ ਦਫਤਰੀ ਜਾਂ ਕਲਰਕਾਂ ਦੀ ਗਲਤੀ ਕਾਰਨ ਨੌਕਰੀ ਵਿੱਚ ਆਏ ਕਿਸੇ ਵੀ ਉਮੀਦਵਾਰ ਨੂੰ ਬੇਕਸੂਰ ਹੁੰਦਿਆਂ ਹੋਇਆਂ ਵੀ ਕੋਈ ਸਜ਼ਾ ਨਾ ਭੁਗਤਣੀ ਪਵੇ।
ਰੋਡ ਉੱਪਰ ਆ ਜਾ ਰਹੇ ਆਮ ਲੋਕਾਂ ਵੱਲੋਂ ਉਹਨਾਂ ਦੀ ਹਮਾਇਤ ਵਿੱਚ ਕਿਹਾ ਗਿਆ ਕਿ ਅਧਿਆਪਕ ਦਿਵਸ ਜਿਸ ਦਿਨ ਸਰਕਾਰ ਇੱਕ ਪਾਸੇ ਅਧਿਆਪਕਾਂ ਨੂੰ ਰਾਜ ਪੁਰਸਕਾਰ ਦੇ ਕੇ ਇੱਕ ਵੱਡਾ ਫੰਕਸ਼ਨ ਕਰਕੇ ਅਧਿਆਪਕਾਂ ਨੂੰ ਸਤਿਕਾਰ ਦੇਣ ਦਾ ਅਡੰਬਰ ਰਚ ਰਹੀ ਹੈ। ਉੱਥੇ ਪਰਦੇ ਪਿੱਛੇ ਦੀ ਦੂਸਰੀ ਤਸਵੀਰ ਇਹ ਰੋਸ ਪ੍ਰਦਰਸ਼ਨ ਹੈ, ਜੋ ਜਮੀਨੀ ਪੱਧਰ ਦੀ ਅਸਲ ਸੱਚਾਈ ਹੈ। ਇਹ ਅਧਿਆਪਕ ਜਿਨਾਂ ਨੂੰ ਇਸ ਸਮੇਂ ਸਕੂਲਾਂ ਵਿੱਚ ਹੋਣਾ ਚਾਹੀਦਾ ਹੈ ਉਹ ਆਪਣੇ ਇਨਸਾਫ ਦੀਆਂ ਤਖਤੀਆਂ ਫੜ ਕੇ ਸੜਕ ਉੱਪਰ ਅਧਿਆਪਕ ਦਿਵਸ ਵਾਲੇ ਦਿਨ ਖੜੇ ਸਰਕਾਰ ਪਾਸੋਂ ਇਨਸਾਫ ਦੀ ਮੰਗ ਕਰ ਰਹੇ ਹਨ। ਸਰਕਾਰ ਨੂੰ ਪਹਿਲ ਦੇ ਆਧਾਰ ਤੇ ਇਹਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ।
ਇਸ ਮੌਕੇ 4161 ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਸੰਦੀਪ ਸਿੰਘ ਗਿੱਲ ਅਤੇ ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਸੁਖਪ੍ਰੀਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ ਇਸ ਤੋਂ ਬਿਨ੍ਹਾਂ ਬਲਜਿੰਦਰ ਸਿੰਘ, ਮੈਡਮ ਗਜ਼ਲ ਪ੍ਰੀਤ ਕੌਰ, ਮੈਡਮ ਨਰਿੰਦਰ ਕੌਰ, ਮਨਪ੍ਰੀਤ ਕੌਰ, ਹਰਪਾਲ ਸਿੰਘ, ਬਲਵਿੰਦਰ ਸਿੰਘ, ਸਤਪਾਲ ਸਿੰਘ, ਗੁਰਦੀਪ ਸਿੰਘ, ਲਵਪ੍ਰੀਤ ਸਿੰਘ, ਸੰਗੀਤਾ ਰਾਣੀ, ਸ਼ਿੰਗਾਰਾ ਸਿੰਘ ਵੀ ਸ਼ਾਮਿਲ ਰਹੇ।
- Download Babushahi App
-
-