Tarn Taran 'ਚ ਭਰਾ ਨੇ ਭੈਣ ਦਾ ਕਹੀ ਮਾਰ ਕੇ ਕੀਤਾ ਕਤਲ, ਪਾਲਤੂ ਜਾਨਵਰ ਵੀ ਮਾਰੇ
ਬਲਜੀਤ ਸਿੰਘ/ ਬਾਬੂਸ਼ਾਹੀ ਬਿਊਰੋ
ਪੱਟੀ (ਤਰਨ ਤਾਰਨ), 21 ਮਈ, 2026 : ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸੁਭਰਾ ਵਿਖੇ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਿਲੀ ਜਾਣਕਾਰੀ ਮੁਤਾਬਕ ਪਿੰਡ ਸਭਰਾ ਦੇ ਰਹਿਣ ਵਾਲੇ ਰਸਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਦੀ ਦਿਮਾਗੀ ਹਾਲਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ। ਘਟਨਾ ਵਾਲੇ ਦਿਨ ਉਸ ਨੇ ਅਚਾਨਕ ਘਰ ਵਿੱਚ ਝਗੜਾ ਸ਼ੁਰੂ ਕਰ ਦਿੱਤਾ ਅਤੇ ਗੁੱਸੇ ਵਿੱਚ ਆ ਕੇ ਪਹਿਲਾਂ ਘਰ ਵਿੱਚ ਬੰਨ੍ਹੇ ਪਾਲਤੂ ਬੱਕਰੇ ਅਤੇ ਕੁੱਤੇ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ। ਇਸੇ ਦੌਰਾਨ ਉਸ ਦੀ ਸੱਕੀ ਭੈਣ ਸੰਦੀਪ ਕੌਰ, ਜੋ ਆਪਣੇ ਪੇਕੇ ਘਰ ਪਰਿਵਾਰ ਦਾ ਹਾਲ-ਚਾਲ ਪੁੱਛਣ ਆਈ ਹੋਈ ਸੀ, ਜਦੋਂ ਰੋਕਣ ਅੱਗੇ ਆਈ ਤਾਂ ਮੁਲਜ਼ਮ ਰਸਾਲ ਸਿੰਘ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਉਸ ਦੇ ਸਿਰ ਵਿੱਚ ਜ਼ੋਰਦਾਰ ਕਹੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਪਣੀ ਧੀ ਨੂੰ ਬਚਾਉਣ ਆਈ ਬਜ਼ੁਰਗ ਮਾਂ 'ਤੇ ਵੀ ਮੁਲਜ਼ਮ ਨੇ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ।
ਵਾਰਦਾਤ ਦੇ ਸਮੇਂ ਘਰੋਂ ਬਾਹਰ ਗਏ ਮ੍ਰਿਤਕ ਲੜਕੀ ਦੇ ਪਿਤਾ ਮੁਖਤਿਆਰ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਜਦੋਂ ਉਨ੍ਹਾਂ ਨੇ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਧੀ ਖ਼ੂਨ ਨਾਲ ਲੱਥਪੱਥ ਮ੍ਰਿਤਕ ਹਾਲਤ ਵਿੱਚ ਪਈ ਸੀ ਅਤੇ ਪਤਨੀ ਗੰਭੀਰ ਜ਼ਖਮੀ ਸੀ। ਦੂਜੇ ਪਾਸੇ ਮ੍ਰਿਤਕਾ ਸੰਦੀਪ ਕੌਰ ਦੇ ਪਤੀ ਯੁੱਧਬੀਰ ਸਿੰਘ ਅਤੇ ਰਿਸ਼ਤੇਦਾਰ ਤੀਰਥ ਰਾਮ ਨੇ ਵੀ ਇਸ ਭਿਆਨਕ ਕਾਂਡ ਦੀ ਪੁਸ਼ਟੀ ਕੀਤੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਰਿਵਾਰਿਕ ਮੈਂਬਰਾਂ ਨੇ ਆਪਸੀ ਸਹਿਮਤੀ ਅਤੇ ਲੜਕੇ ਦੀ ਦਿਮਾਗੀ ਹਾਲਤ ਦਾ ਹਵਾਲਾ ਦਿੰਦੇ ਹੋਏ ਪੁਲਿਸ ਕੋਲ ਕੋਈ ਵੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸੂਚਨਾ ਮਿਲਣ 'ਤੇ ਥਾਣਾ ਸਭਰਾ ਦੀ ਪੁਲਿਸ ਪਾਰਟੀ ਮੌਕੇ 'ਤੇ ਤਾਂ ਪਹੁੰਚੀ, ਪਰ ਪਰਿਵਾਰ ਵੱਲੋਂ ਬਿਆਨ ਨਾ ਦੇਣ ਕਾਰਨ ਬਿਨਾਂ ਕੋਈ ਠੋਸ ਕਾਰਵਾਈ ਕੀਤੇ ਉੱਥੋਂ ਵਾਪਸ ਪਰਤ ਗਈ, ਜਿਸ ਕਾਰਨ ਪ੍ਰਸ਼ਾਸਨ ਦੇ ਰੁਖ਼ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ ਕਿ ਇਨਸਾਨ ਅਤੇ ਜਾਨਵਰਾਂ ਦੀ ਜਾਨ ਦੀ ਕੋਈ ਅਹਿਮੀਅਤ ਨਹੀਂ ਸਮਝੀ ਗਈ।
- Download Babushahi App
-
-